ਪੰਜਾਬ ਦੇ ਸਾਬਕਾ ਖਿਡਾਰੀਆਂ ਤੋਂ ਬਾਅਦ ਹੁਣ ਦੇਸ਼ ਦੇ ਕੌਮਾਂਤਰੀ ਖਿਡਾਰੀ ਵੀ ਅੰਨਦਾਤਾ ਦੇ ਹੱਕ ਚ ਨਿੱਤਰੇ

December 01 2020

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਕੌਮਾਂਤਰੀ ਖਿਡਾਰੀ ਕਿਸਾਨਾਂ ਲਈ ਨਿੱਤਰ ਆਏ ਹਨ। ਇਨ੍ਹਾਂ ਵਿਚ ਇੰਗਲੈਂਡ ਕ੍ਰਿਕਟ ਟੀਮ ਦਾ ਕੌਮਾਂਤਰੀ ਪੰਜਾਬੀ ਕ੍ਰਿਕਟਰ ਮੌਂਟੀ ਪਨੇਸਰ ਤੋਂ ਇਲਾਵਾ ਸਾਬਕਾ ਹਾਕੀ ਬਿ੍ਗੇਡੀਅਰ ਹਰਚਰਨ ਸਿੰਘ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਵਰਿੰਦਰ ਸਿੰਘ, ਓਲੰਪੀਅਨ ਬਲਦੇਵ ਸਿੰਘ, ਓਲੰਪੀਅਨ ਗੁਰਮੇਲ ਸਿੰਘ ਰਾਏ ਤੇ ਉਨ੍ਹਾਂ ਦੀ ਪਤਨੀ ਅਤੇ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਵੀਰ ਕੌਰ ਰਾਏ, ਓਲੰਪੀਅਨ ਅਜੀਤ ਸਿੰਘ, ਓਲੰਪੀਅਨ ਹਰਮੀਕ ਸਿੰਘ, ਓਲੰਪੀਅਨ ਅਜੀਤਪਾਲ ਸਿੰਘ, ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੀ ਪਤਨੀ ਤੇ ਕੌਮਾਂਤਰੀ ਹਾਕੀ ਖਿਡਾਰਨ ਚੰਚਲ ਸੁਰਜੀਤ ਸਿੰਘ ਰੰਧਾਵਾ, ਕੌਮਾਂਤਰੀ ਹਾਕੀ ਖਿਡਾਰੀ ਮਦਨਮੋਹਨ ਸਿੰਘ ਮੱਦੀ, ਹਾਕੀ ਓਲੰਪੀਅਨ ਇੰਦਰਜੀਤ ਸਿੰਘ ਦੀਵਾਨਾ, ਓਲੰਪੀਅਨ ਭਲਵਾਨ ਬਜਰੰਗ ਸਿੰਘ ਪੂਨੀਆ, ਬਾਸਕਟਬਾਲਰ ਸੱਜਣ ਸਿੰਘ ਚੀਮਾ ਤੇ ਕੌਮਾਂਤਰੀ ਦੌੜਾਕ ਜਗਦੀਸ਼ ਸਿੰਘ ਦਿਓਲ ਸ਼ਾਮਲ ਹਨ।

ਸਪਿੰਨ ਗੇਂਦਬਾਜ਼ ਮੌਂਟੀ ਪਨੇਸਰ ਨੇ ਪੋਸਟ ਕੀਤੀ ਹੈ, ਜੇ ਖਰੀਦਦਾਰ ਇਹ ਕਹਿ ਦੇਵੇਗਾ ਕਿ ਫ਼ਸਲ ਦੀ ਕੁਆਲਟੀ ਠੀਕ ਨਹੀਂ ਹੈ, ਹੁਕਮਰਾਨ ਦੱਸਣ ਕਿ ਅਜਿਹੀ ਹਾਲਤ ਵਿਚ ਕਿਸਾਨ ਕਿਸ ਦਾ ਦਰ ਖੜਕਾਏਗਾ। ਹਾਕੀ ਓਲੰਪੀਅਨ ਅਜੀਤ ਸਿੰਘ ਦਾ ਕਹਿਣਾ ਸੀ, ਮੈਂ ਤੇ ਮੇਰਾ ਵੱਡਾ ਭਰਾ ਹਰਮੀਕ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧਤ ਹੋਣ ਕਰ ਕੇ ਕੌਮੀ ਹਾਕੀ ਟੀਮ ਵੱਲੋਂ ਓਲੰਪਿਕ ਹਾਕੀ ਖੇਡੇ ਤੇ ਬਾਅਦ ਵਿਚ ਸਰਕਾਰੀ ਮਹਿਕਮਿਆਂ ਵਿਚ ਸੇਵਾਵਾਂ ਦਿੱਤੀਆਂ ਹਨ।

ਸਰਕਾਰ ਕਿਸਾਨਾਂ ਦਾ ਕੁਝ ਸੋਚੇ।1975 ਚ ਕੁਆਲਾਲੰਪੁਰ ਵਿਚ ਵਿਸ਼ਵ ਹਾਕੀ ਜਿੱਤਣ ਵਾਲੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਹਾਕੀ ਓਲੰਪੀਅਨ ਤੇ ਬਿ੍ਗੇਡੀਅਰ ਹਰਚਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੀਆਂ ਮੰਗਾਂ ਤੁਰੰਤ ਮੰਨਣ ਲੈਣੇ ਚਾਹੀਦੇ ਹਨ। ਸਰਕਾਰ ਨੂੰ ਕਿਸਾਨਾਂ ਦੇ ਰੋਹ ਬਾਰੇ ਸੋਚਣਾ ਚਾਹੀਦਾ ਹੈ।

ਮਾਸਕੋ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਤੇ ਓਲੰਪਿਕ ਹਾਕੀ ਟੂਰਨਾਮੈਂਟ ਵਿਚ 15 ਗੋਲ ਕਰਨ ਦਾ ਰਿਕਾਰਡ ਸਿਰਜਣ ਵਾਲੇ ਸੁਰਿੰਦਰ ਸਿੰਘ ਸੋਢੀ ਨੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਹੋਰ ਰਾਜਸੀ ਆਗੂਆਂ ਨੂੰ ਅੰਨਦਾਤਾ ਦੀ ਜ਼ਰਾ ਚਿੰਤਾ ਨਹੀਂ ਹੈ।

ਕੁਸ਼ਤੀ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਬਰਜੰਗ ਪੂਨੀਆ ਦਾ ਕਹਿਣਾ ਹੈ ਕਿ ਖੇਤਾਂ ਵਿਚ ਦੇਸ਼ ਲਈ ਭੁੱਖਾ-ਤਿਹਾਇਆ ਮਰਨ ਵਾਲਾ ਮਿਹਨਤਕਸ਼ ਕਿਸਾਨ ਆਖਰ ਕਿਵੇਂ ਠੰਢ ਵਿਚ ਸੜਕਾਂ ਤੇ ਰਾਤਾਂ ਗੁਜ਼ਾਰ ਰਿਹਾ ਹੈ। ਮਿੱਤਰੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਰੱਬ ਕਿਸਾਨਾਂ ਦੇ ਪੱਲਿਆਂ ਵਿਚ ਖੈਰ ਜ਼ਰੂਰ ਪਾਏਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran