ਪੰਜਾਬ ਦੀ ‘ਕ੍ਰਿਸ਼ੀ ਕਰਮਨ ਐਵਾਰਡ’ ਵਾਸਤੇ ਚੋਣ ਵੱਡੀ ਪ੍ਰਾਪਤੀ: ਕੈਪਟਨ

September 19 2019

ਭਾਰਤ ਸਰਕਾਰ ਵੱਲੋਂ ਝੋਨੇ ਦੇ ਉਤਪਾਦਨ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸੂਬੇ ਵਜੋਂ ਪੰਜਾਬ ਦੀ ਚੋਣ ‘ਕ੍ਰਿਸ਼ੀ ਕਰਮਨ ਐਵਾਰਡ 2017-18’ ਲਈ ਕਰਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸੂਬੇ ਦੇ ਕਿਸਾਨਾਂ ਦੀ ਵੱਡੀ ਪ੍ਰਾਪਤੀ ਦੱਸਿਆ ਹੈ। ਮੁੱਖ ਮੰਤਰੀ ਨੇ ਪੰਜਾਬ ਦੀ ਚੋਣ ਦਾ ਸਿਹਰਾ ਸੂਬੇ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਕਾਬਲੀਅਤ ਦੇ ਸਿਰ ਬੰਨ੍ਹਿਆ, ਜਿਨ੍ਹਾਂ ਨੇ ਅਨਾਜ ਦੀ ਪੈਦਾਵਾਰ ਵਿਚ ਮੁਲਕ ਨੂੰ ਸਵੈ-ਨਿਰਭਰ ਬਣਾਉਣ ਲਈ ਕਾਰਗਰ ਭੂਮਿਕਾ ਨਿਭਾਈ। ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਇਸ ਐਵਾਰਡ ਵਿਚ ਇਕ ਟਰਾਫੀ, ਸ਼ਲਾਘਾ ਪੱਤਰ ਅਤੇ ਦੋ ਕਰੋੜ ਰੁਪਏ ਦੀ ਨਗਦ ਰਾਸ਼ੀ ਸ਼ਾਮਲ ਹੈ। ਇਸ ਸਬੰਧੀ ਸੂਬਾ ਸਰਕਾਰ ਨੂੰ ਭੇਜੇ ਇਕ ਪੱਤਰ ਵਿਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸਾਲ 2017-18 ਲਈ ਝੋਨੇ ਦੇ ਉਤਪਾਦਨ ਦੀ ਸ਼੍ਰੇਣੀ ਵਿਚ ਪੰਜਾਬ ਦੀ ਚੋਣ ‘ਕ੍ਰਿਸ਼ੀ ਕਰਮਨ ਐਵਾਰਡ’ ਲਈ ਕੀਤੀ ਜਾਂਦੀ ਹੈ।

ਕੇਂਦਰੀ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਝੋਨੇ ਦਾ ਉਤਪਾਦਨ ਕਰਨ ਵਾਲੇ ਦੋ ਕਿਸਾਨਾਂ ਦੀ ਵੀ ਚੋਣ ਕਰਨ ਲਈ ਆਖਿਆ, ਜਿਨ੍ਹਾਂ ਨੇ ਸੂਬੇ ਦੇ ਅਨਾਜ ਭੰਡਾਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੋਵੇ। ਇਨ੍ਹਾਂ ਕਿਸਾਨਾਂ ਦੀ ਚੋਣ ਝੋਨੇ ਦੇ ਉਤਪਾਦਨ ਅਤੇ ਅਗਾਂਹਵਧੂ ਤੇ ਨਿਵੇਕਲੀ ਪਹੁੰਚ ਰਾਹੀਂ ਪਾਏ ਯੋਗਦਾਨ ਦੇ ਆਧਾਰ ’ਤੇ ਕੀਤੀ ਜਾਵੇਗੀ। ਚੁਣੇ ਗਏ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਸਮੇਤ ਦੋ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਸੂਬੇ ਦੇ ਖੇਤੀਬਾੜੀ ਸਕੱਤਰ ਕੇ.ਐੱਸ. ਪੰਨੂ ਨੇ ਦੱਸਿਆ ਕਿ 2017 ਵਿਚ ਝੋਨੇ ਹੇਠ 30.64 ਲੱਖ ਹੈਕਟੇਅਰ ਰਕਬਾ ਸੀ ਅਤੇ 199.65 ਲੱਖ ਮੀਟਰਿਕ ਟਨ ਰਿਕਾਰਡ ਪੈਦਾਵਾਰ ਹੋਈ, ਜੋ 65.16 ਕੁਇੰਟਲ ਪ੍ਰਤੀ ਹੈਕਟੇਅਰ ਬਣਦੀ ਹੈ। ਇਹ ਉਤਪਾਦਨ ਸਾਲ 2016 ਦੇ ਮੁਕਾਬਲੇ 6 ਫ਼ੀਸਦੀ ਜ਼ਿਆਦਾ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ