ਪੌਦੇ ਲਾਉਣ ਸਬੰਧੀ ਵਿਆਪਕ ਮੁਹਿੰਮ ਆਰੰਭੇਗੀ ਪੰਜਾਬ ਸਰਕਾਰ

May 05 2021

ਪੰਜਾਬ ਸਰਕਾਰ ਸੂਬੇ ਵਿਚ 222.15 ਕਰੋੜ ਰੁਪਏ ਦੀ ਲਾਗਤ ਨਾਲ 692.645 ਹੈਕਟੇਅਰ ਰਕਬੇ ਵਿਚ 53 ਲੱਖ ਪੌਦੇ ਲਗਾ ਕੇ ਵਿਆਪਕ ਯੋਜਨਾ ਆਰੰਭ ਕਰਨ ਜਾ ਰਹੀ ਹੈ। ਇਹ ਯੋਜਨਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਪੰਜਾਬ ਸਟੇਟ ਕੰਪਨਸੇਟਰੀ ਏਫੌਰੈਸਟੇਸ਼ਨ ਮੌਨੀਟਰਿੰਗ ਐਂਡ ਪਲੈਨਿੰਗ ਅਥਾਰਟੀ (ਸੀਏਐੱਮਪੀਏ) ਦੇ ਸਾਲ 2021-22 ਲਈ ਐਨੂਅਲ ਪਲਾਨ ਅਪਰੇਸ਼ਨ (ਏਪੀਓ) ਤਹਿਤ ਸ਼ੁਰੂ ਕੀਤੀ ਜਾਵੇਗੀ। ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਅੱਜ ਹੋਈ ਸੰਚਾਲਨ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਇਸ ਸਬੰਧੀ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧੀ ਫੰਡਾਂ ਦੀ ਅਲਾਟਮੈਂਟ ਲਈ ਮਨਜ਼ੂਰ ਕੀਤਾ ਪਲਾਨ ਕੇਂਦਰ ਸਰਕਾਰ ਅੱਗੇ ਰੱਖਿਆ ਜਾਵੇਗਾ।

ਮੁੱਖ ਸਕੱਤਰ ਨੇ ਦੱਸਿਆ ਕਿ ਕਮੇਟੀ ਨੇ ਕੰਢੀ ਖੇਤਰ ਦੇ ਜੰਗਲਾਂ ਨਾਲ ਲੱਗਦੇ ਪਿੰਡਾਂ ਲਈ 408 ਲੱਖ ਰੁਪਏ ਦੀ ਲਾਗਤ ਨਾਲ ਲੱਕੜ ਬਚਾਉਣ ਵਾਲੇ ਯੰਤਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ 210 ਲੱਖ ਰੁਪਏ ਦੀ ਲਾਗਤ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਆਟੋਮੈਟਿਕ ਕੈਟਲ ਪੌਂਡ ਅਤੇ 392.95 ਲੱਖ ਰੁਪਏ ਦੀ ਲਾਗਤ ਨਾਲ ਕਿਸਾਨਾਂ ਲਈ ਬਾਂਸ ਉਤਪਾਦਨ ਲਈ ਨੁਮਾਇਸ਼ੀ ਪਲਾਂਟ ਲਗਾਇਆ ਜਾਵੇਗਾ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ, ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਰਗੇ ਨੌਂ ਪ੍ਰਦੂਸ਼ਿਤ ਐੱਨਏਸੀਜ਼ ਵਿੱਚ ਹਵਾ ਪ੍ਰਦੂਸ਼ਣ ਦਾ ਪ੍ਰਭਾਵ ਘੱਟ ਕਰਨ ਲਈ 307 ਲੱਖ ਰੁਪਏ ਦੀ ਲਾਗਤ ਨਾਲ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ ਅਤੇ ਐੱਨਪੀਵੀ ਕੰਪੋਨੈਂਟ ਅਧੀਨ 5,401 ਹੈਕਟੇਅਰ ਰਕਬੇ ’ਤੇ ਪੌਦੇ ਲਗਾਏ ਜਾਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune