ਪੋਪਲਰ ਤੇ ਕਣਕ ਨਾਲ ਮੁਨਾਫ਼ਾ ਖੱਟ ਰਿਹੈ ਸੁੱਚਾ ਸਿੰਘ

June 04 2019

ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸ਼ੇਰਗੜ੍ਹ ਮੰਡ ਵਿਚ 32 ਏਕੜ ਜਮੀਨ ਵਿਚ ਪੋਪਲਰ ਦੀ ਖੇਤੀ ਨਾਲ 5 ਸਾਲ ਲਗਾਤਾਰ ਉਨ੍ਹਾਂ ਹੀ ਖੇਤਾਂ ਵਿਚ ਕਣਕ ਦੀ ਪੈਦਾਵਾਰ ਕਰ ਕੇ ਚੋਖਾ ਮੁਨਾਫ਼ਾ ਕਮਾ ਰਿਹਾ ਕਿਸਾਨ ਸੁੱਚਾ ਸਿੰਘ ਪਾਬਲਾ ਹੋਰ ਕਿਸਾਨਾਂ ਲਈ ਰਾਹ-ਦਸੇਰਾ ਸਾਬਤ ਹੋ ਰਿਹਾ ਹੈ।

ਮੁਹਾਲੀ ਵਾਸੀ ਸੁੱਚਾ ਸਿੰਘ ਪਾਬਲਾ ਨੇ ਕੁਝ ਸਾਲ ਪਹਿਲਾਂ ਸ਼ੇਰਗੜ੍ਹ ਮੰਡ ਵਿਚ ਆ ਕੇ 32 ਏਕੜ ਜ਼ਮੀਨ ਨੂੰ ਮਿਹਨਤ ਸਦਕਾ ਉਪਜਾਊ ਕੀਤਾ। ਉਹ ਇਸ ਫਾਰਮ ਹਾਊਸ ਵਿਚ ਜੈਵਿਕ ਖਾਦ ਦਾ ਉਤਪਾਦਨ ਕਰ ਕੇ ਪੂਰੇ ਉੱਤਰੀ ਭਾਰਤ ਵਿਚ ਪ੍ਰਸਿੱਧ ਹੈ।

ਕਿਸਾਨ ਸੁੱਚਾ ਸਿੰਘ ਪਾਬਲਾ ਨੇ ਜੈਵਿਕ ਖਾਦ ਦੇ ਨਾਲ-ਨਾਲ ਆਪਣੀ 32 ਏਕੜ ’ਚੋਂ 29 ਏਕੜ ਜਮੀਨ ਵਿਚ ਪੋਪਲਰ ਦੀ ਖੇਤੀ ਕਰ ਰਿਹਾ ਹੈ ਅਤੇ ਉਹ ਨਵੇਕਲੇ ਢੰਗ ਨਾਲ ਇਸ ਦੀ ਬਿਜਾਈ ਕਰਦਾ ਹੈ ਕਿ ਉਹ ਪਾਪੂਲਰ ਦੇ ਨਾਲ-ਨਾਲ ਲਗਾਤਾਰ 5 ਸਾਲ ਇਸ ਖੇਤਾਂ ਵਿਚ ਕਣਕ ਦੀ ਫਸਲ ਦੀ ਪੈਦਾਵਾਰ ਕਰ ਚੰਗਾ ਮੁਨਾਫ਼ਾ ਕਮਾਉਂਦਾ ਹੈ।

ਕਿਸਾਨ ਸੁੱਚਾ ਸਿੰਘ ਪਾਬਲਾ ਨੇ ਦੱਸਿਆ ਕਿ ਉਸ ਵਲੋਂ ਜੋ ਆਪਣੇ ਖੇਤਾਂ ਵਿਚ ਪੋਪਲਰ ਲਗਾਏ ਜਾਂਦੇ ਹਨ, ਉਸਦੀ ਵਿੱਥ ਇਸ ਢੰਗ ਨਾਲ ਰੱਖਦਾ ਹੈ ਕਿ ਉਸਦੇ ਖੇਤਾਂ ’ਚ ਕਣਕ ਦੀ ਬਿਜਾਈ ਵੀ ਹੋ ਸਕਦੀ ਹੈ। ਸ੍ਰੀ ਪਾਬਲਾ ਅਨੁਸਾਰ ਉਸ ਵਲੋਂ ਲਗਾਏ ਪੋਪਲਰ ਦੇ ਪੌਦੇ 5 ਸਾਲ ਬਾਅਦ ਪ੍ਰਤੀ ਏਕੜ 3.50 ਤੋਂ 4 ਲੱਖ ਰੁਪਏ ਵਿਕਦੇ ਹਨ, ਉੱਥੇ ਉਸੇ ਖੇਤਾਂ ਵਿਚ ਉਹ ਹਰੇਕ ਸਾਲ ਕਣਕ ਦੀ ਬਿਜਾਈ ਕਰ 15 ਕੁਇੰਟਲ ਪ੍ਰਤੀ ਏਕੜ ਫਸਲ ਦਾ ਝਾੜ ਵੀ ਲੈਂਦਾ ਹੈ।

ਸ੍ਰੀ ਪਾਬਲਾ ਨੇ ਦੱਸਿਆ ਕਿ ਉਸਨੇ ਕਦੇ ਵੀ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਬਲਕਿ ਉਸ ਨੂੰ ਖੇਤਾਂ ਵਿਚ ਵਾਹ ਦਿੰਦਾ ਹੈ ਅਤੇ ਉਸ ਤੋਂ ਬਾਅਦ ਹੀ ਪੋਪਲਰ ਵਾਲੇ ਖੇਤਾਂ ’ਚ ਯੰਤਰ ਬੀਜ ਕੇ ਉਸਦੀ ਵਹਾਈ ਵੀ ਵਿਚ ਹੀ ਕਰ ਦਿੰਦਾ ਹੈ ਜਿਸ ਨਾਲ ਉਸਦੇ ਖੇਤ ਬਹੁਤ ਉਪਜਾਊ ਹੋ ਜਾਂਦੇ ਹਨ। ਕਿਸਾਨ ਪਾਬਲਾ ਨੇ ਦੱਸਿਆ ਕਿ ਜੈਵਿਕ ਫ਼ਸਲਾਂ ਦਾ ਮੰਡੀਕਰਨ ਨਾ ਹੋਣ ਕਾਰਨ ਵਾਜਿਬ ਮੁੱਲ ਨਹੀਂ ਮਿਲਦਾ ਜਿਸ ਨਾਲ ਉਸਨੂੰ ਨਿਰਾਸ਼ਾ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ