ਪੂਰੇ ਜਿਲ੍ਹੇ ਚ ਇਸ ਕਿਸਾਨ ਦੀ ਹੋਈ ਪਈ ਹੈ ਬੱਲੇ ਬੱਲੇ, ਦੂਰੋਂ ਦੂਰੋਂ ਹੋਰ ਕਿਸਾਨ ਆ ਰਹੇ ਨੇ ਇਨ੍ਹਾਂ ਮਸ਼ੀਨਾਂ ਨੂੰ ਦੇਖਣ

October 23 2019

ਮੁਕਤਸਰ ਦੇ ਲਖਮੀਰ ਵਾਲਾ ਪਿੰਡ ਵਿੱਚ ਕੁਆਰਡੀਨੇਟਰ ਸੀਸੀ ਸ਼ਰਮਾ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅਪੀਲ ਕੀਤੀ ਗਈ। ਉਨ੍ਹਾਂ ਨੂੰ ਨਵੀਂ ਤਕਨੀਕ ਨਾਲ ਬੇਲਰ ਦੀ ਮਦਦ ਨਾਲ ਪਰਾਲੀ ਨੂੰ ਸੰਭਾਲਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਛੇ ਕਿਸਮ ਦੇ ਖੇਤੀ ਸੰਦਾਂ ਤੇ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਨੌਜਵਾਨ ਕਿਸਾਨ ਯਾਦਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਹ ਪਿੰਡ ਲਖਮੀਰ ਵਾਲਾ ਦਾ ਰਹਿਣ ਵਾਲਾ ਹੈ ਅਤੇ ਉਹ ਲਗਭਗ ਸੱਤ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ। ਉਨ੍ਹਾਂ ਨੇ ਅੱਗ ਨਾ ਲਗਾਉਣ ਦੇ ਫਾਇਦੇ ਦੱਸ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਹੈ।

ਇਕ ਹੋਰ ਬਜ਼ੁਰਗ ਕਿਸਾਨ ਨੇ ਵੀ ਕਿਸਾਨਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਅਪੀਲ ਕੀਤੀ ਹੈ। ਨੌਜਵਾਨ ਕਿਸਾਨ ਯਾਦਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਸੱਤ ਸਾਲ ਪਹਿਲਾਂ ਇਹ ਬੇਲਰ ਮਸ਼ੀਨ ਲਈ ਸੀ। ਇਹ ਮਸ਼ੀਨ ਪਰਾਲੀ ਨੂੰ ਕੱਟਦੀ ਹੈ। ਇਸ ਤੋਂ ਬਾਅਦ ਇਸ ਦੀਆਂ ਗੰਢਾਂ ਬਣਾ ਕੇ ਪਲਾਂਟ ਵਾਲਿਆਂ ਕੋਲੋਂ ਪਹੁੰਚਾਈਆਂ ਜਾਂਦੀਆਂ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਇਸ ਤਕਨੀਕ ਨਾਲ ਇੱਕ ਏਕੜ ਤੇ 1000 ਤੋਂ 1500 ਤੱਕ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕੋਲ ਦੋ ਮਸ਼ੀਨਾਂ ਹਨ। ਦੂਸਰੀ ਮਸ਼ੀਨ ਉਨ੍ਹਾਂ ਨੇ ਚਾਰ ਪੰਜ ਸਾਲ ਪਹਿਲਾਂ ਖਰੀਦੀ ਸੀ। ਸਰਕਾਰ ਦੁਆਰਾ ਮਸ਼ੀਨ ਖਰੀਦਣ ਤੇ ਕਿਸਾਨ ਨੂੰ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਪਿੰਡ ਵਿੱਚ 4-5 ਮਸ਼ੀਨਾਂ ਹਨ। ਉਨ੍ਹਾਂ ਦੇ ਪਿੰਡ ਦੇ ਜ਼ਿਆਦਾਤਰ ਲੋਕ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ।

ਜਿਸ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਬਜ਼ੁਰਗ ਕਿਸਾਨ ਗੁਰਨੇਕ ਸਿੰਘ ਦੇ ਦੱਸਣ ਅਨੁਸਾਰ ਵਾਤਾਵਰਨ ਨੂੰ ਬਚਾਉਣ ਲਈ ਪਰਾਲੀ ਸਾੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਇੱਕ ਮਸ਼ੀਨ ਦਿਨ ਵਿੱਚ ਤਕਰੀਬਨ 25 ਏਕੜ ਦੀ ਕਟਾਈ ਕਰ ਦਿੰਦੀ ਹੈ। ਉਨ੍ਹਾਂ ਦੇ ਪਿੰਡ ਵਿੱਚ ਲੱਗਭੱਗ 1100 ਏਕੜ ਜ਼ਮੀਨ ਹੈ। ਕੋਆਰਡੀਨੇਟਰ ਅਸੀਸ ਸ਼ਰਮਾ ਦੇ ਦੱਸਣ ਅਨੁਸਾਰ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਇੱਕ ਨੋਡਲ ਅਫ਼ਸਰ ਲਗਾਇਆ ਹੈ। ਜੋ ਕਿ ਪਿੰਡ ਵਿੱਚ ਪਰਾਲੀ ਨਾ ਸਾੜਨ ਲਈ ਅਨਾਊਸਮੈਂਟ ਕਰਵਾਉਂਦਾ ਹੈ। ਜੇਕਰ ਕੋਈ ਕਿਸਾਨ ਇਕੱਲਾ ਬੇਲਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਹ ਫ਼ੀਸਦੀ ਸਬਸਿਡੀ ਮਿਲਦੀ ਹੈ। ਜੇਕਰ ਗਰੁੱਪ ਬਣਾ ਕੇ ਕਿਸਾਨ ਇਹ ਮਸ਼ੀਨ ਖਰੀਦਦੇ ਹਨ ਤਾਂ ਉਨ੍ਹਾਂ ਨੂੰ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਇੱਕ ਉਪਰਾਲਾ