ਪੁਆਧੀਆਂ ਨੇ ਕਿਹਾ, ਹਮੈਂ ਇਸ ਕਨੂੰਨ ਨੂੰ ਨ੍ਹੀ ਮੰਨਦੇ

November 06 2020

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਅੱਜ ਮੋਹਾਲੀ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਬਾਹਰ ਦੁਪਹਿਰ 12 ਵਜੇ ਤੋਂ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਦੌਰਾਨ ਕਿਸਾਨ ਆਗੂਆਂ ਤੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਕਾਰਕੁੰਨਾਂ ਨੇ ਸਾਝੇ ਤੌਰ ਤੇ ਇਕੱਠ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਦਿਲਚਸਪ ਗੱਲ ਇਹ ਰਹੀ ਕਿ ਪੁਆਧੀ ਬੋਲੀ ਵਿਚ ਦਿੱਤੇ ਭਾਸ਼ਣਾਂ ਨੇ ਮੁਜ਼ਾਹਰਾਕਾਰੀਆਂ ਦਾ ਦਿਲ ਲਗਾਈ ਰੱਖਿਆ ਬਹੁਤੇ ਬੁਲਾਰਿਆਂ ਦਾ ਕਹਿਣਾਂ ਸੀ, ਹਮੈਂ ਇਸ ਕਨੂੰਨ ਨੂੰ ਨ੍ਹੀ ਮੰਨਦੇ । ਪਹਿਲਾਂ ਤੋਂ ਉਲੀਕੇ ਪ੍ਰਰੋਗਰਾਮ ਦੀ ਰੂਪ-ਰੇਖਾ ਮੁਤਾਬਕ ਮੋਹਾਲੀ ਦੇ ਨਾਲ ਲਗਦੇ ਪਿੰਡਾਂ ਤੋਂ ਪੁਆਧੀ ਨੌਜਾਵਾਨਾਂ ਨੇ ਧਰਨੇ ਵਿਚ ਸ਼ਿਰਕਤ ਕਰਦਿਆਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਕਾਰਨ ਏਅਰਪੋਰਟ ਸੜਕ ਤੋਂ ਖਰੜ ਤੇ ਅੱਗੇ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਜਦ ਕਿ ਇਸੇ ਰਸਤੇ ਤੋਂ ਏਅਰਪੋਰਟ ਜਾਣ ਵਾਲੀ ਆਵਾਜਾਈ ਨੂੰ ਵੀ ਲਟਾਪੀਂਘ ਹੋਣਾਂ ਪਿਆ। ਉਧਰ ਖਰੜ ਵਿਚ ਜਾਮ ਹੋਣ ਕਾਰਨ ਕੌਮੀ ਸ਼ਾਹ ਰਾਹ-21 ਤੇ ਵੀ ਵੱਡੇ ਜਾਮ ਦੀ ਸਥਿਤੀ ਬਣ ਗਈ ਨਤੀਜਾ ਇਹ ਰਿਹਾ ਕਿ ਮੋਹਾਲੀ ਆਉਣ ਵਾਲੀ ਸਾਰੀ ਆਵਾਜਾਈ ਸੰਨੀ ਇਨਕਲੇਵ ਤੋਂ ਇਲਾਵਾ ਮਾਤਾ ਗੁਜਰੀ ਇਨਕਲੇਵ ਵੱਲ ਜਾਣ ਲੱਗ ਪਈ, ਇਸ ਨਾਲ ਖਰੜ ਦੀਆਂ ਅੰਦਰੂਨੀ ਸੜਕਾਂ ਵਿਚ ਵਿਚ ਵੀ ਜਾਮ ਵਾਲੀ ਸਥਿਤੀ ਬਣ ਗਈ। ਜਾਮ ਨਾਲ ਨਿਪਟਣ ਲਈ ਮੋਹਲੀ ਜ਼ਿਲ੍ਹੇ ਦੀ ਟੈ੍ਿਫ਼ਕ ਪੁਲਿਸ ਨੇ ਪੂਰਾ ਵਾਹ ਲਗਾਇਆ ਪਰ ਜ਼ੀਰਕਪੁਰ ਲਾਲੜੂ ਤੋਂ ਮੁੱਲਾਂਪੁਰ ਗਰੀਬਦਾਸ ਵਿਖੇ ਵੀ ਧਰਨੇ ਲੱਗੇ ਹੋਏ ਸਨ ਜਿਸ ਕਾਰਨ ਪੂਰੇ ਮੋਹਾਲੀ ਜ਼ਿਲ੍ਹੇ ਵਿਚ ਆਵਾਜਾਈ ਦੀ ਸਮੱਸਿਆ ਹੋਣਾਂ ਸੁਭਾਵਿਕ ਸੀ। ਇਹ ਸਥਿਤੀ ਦੇਰ ਸ਼ਾਮ ਤਕ ਜਾਰੀ ਰਹੀ ਜਦੋਂ ਮੋਹਾਲੀ ਤੋਂ ਖਰੜ ਜਾਣ ਵਾਲਾ 15 ਮਿੰਟ ਦਾ ਰਸਤਾ 1 ਘੰਟੇ ਵਿਚ ਤੈਅ ਹੋਇਆ। ਇਹ ਹਾਲ ਜ਼ੀਰਕਪੁਰ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਕਸਬਿਆਂ ਵਿਚ ਵੀ ਬਾਦਸਤੂਰ ਜਾਰੀ ਰਿਹਾ।

ਉਧਰ ਮੋਹਾਲੀ ਵਿਚ ਇਸ ਮੌਕੇ ਵੱਖ ਵੱਖ ਪਾਰਟੀ ਦੇ ਆਗੂਆਂ ਅਤੇ ਜਥੇਬੰਦੀਆਂ ਦੇ ਨਾਲ ਪੁਆਧੀ ਮੰਚ ਦੇ ਨੁਮਾਇੰਦਿਆਂ ਵੱਲੋਂ ਆਪਣੀ ਹਾਜਰੀ ਲਗਵਾਉਂਦਿਆਂ ਸੰਬੋਧਨ ਕੀਤਾ। ਇਸ ਮੌਕੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿਉਹ ਪਾਰਟੀ ਵਰਕਰ ਬਾਅਦ ਵਿੱਚ ਹਨ ਪਹਿਲਾਂ ਕਿਸਾਨ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਬਿਲ ਪੂਰੀ ਤਰ੍ਹਾਂ ਕਿਸਾਨ ਮਾਰੂ ਹਨ। ਜਿਨ੍ਹਾਂ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗਾ। ਪਰਵਿੰਦਰ ਸੋਹਾਣਾਂ ਨੇ ਕਿਹਾ ਕਿ ਬਿੱਲਾਂ ਦਾ ਅਸਰ ਇਹ ਹੋਵੇਗਾ ਕਿਸਾਨ ਆਪਣੀ ਮਰਜ਼ੀ ਦੀ ਜਿਣਸ/ਫ਼ਸਲ ਤਕ ਨਹੀਂ ਬੀਜ ਸਕੇਗਾ ਤੇ ਪੰਜਾਬੀਆਂ ਨੇ ਕਦੇ ਵੀ ਗੁਲਾਮੀ ਬਰਦਾਸ਼ਤ ਨਹੀਂ ਕੀਤੀ। ਇਸ ਮੌਕੇ ਯੂਥ ਆਫ ਪੰਜਾਬ ਦੇ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਉਹੀ ਹਨ ਜੋ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਡਾਕਟਰ ਸਨੀ ਸਿੰਘ ਆਹਲੂਵਾਲੀਆ ਅਤੇ ਜਗਦੇਵ ਸਿੰਘ ਮਲੋਆ ਨੇ ਸਾਂਝੇ ਤੌਰ ਤੇ ਕਿਹਾ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਅੱਜ ਉਹ ਕਿਸੇ ਪਾਰਟੀ ਦੇ ਝੰਡੇ ਥੱਲੇ ਨਹੀਂ ਬਲਕੇ ਕਿਸਾਨ ਅਤੇ ਮਜਦੂਰ ਏਕਤਾ ਦੇ ਝੰਡੇ ਥੱਲੇ ਇਕੱਠੇ ਹੋਏ ਹਨ। ਇਸ ਮੌਕੇਧਰਨੇ ਵਿੱਚ ਹੋਰ ਕਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਨੀਤਿਕ ਆਗੂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਧਰਨੇ ਵਿੱਚ ਇਨ੍ਹਾਂ ਤੋਂ ਇਲਾਵਾ ਗੁਰਪ੍ਰਰੀਤ ਸਿੰਘ ਨਿਆਮੀਆ,ਗੁਰਜੀਤ ਸਿੰਘ ਮਾਮਾ ਮਟੌਰ, ਸਰਪੰਚ ਅਮਰੀਕ ਸਿੰਘ, ਦਲਜੀਤ ਸਿੰਘ ਪਲਸੋਰਾ, ਜਗਦੀਸ ਸਿੰਘ ਸਾਹੀ ਮਾਜਰਾ, ਬਿੰਦਰਾ ਬੈਦਵਾਣ ਕੁੰਬੜਾ, ਗਿਆਨੀ ਗੁਰਪ੍ਰਰੀਤ ਸਿੰਘ ਲਾਂਡਰਾਂ, ਬੱਬੂ ਖਰੜ, ਗੁਰਪ੍ਰਰੀਤ ਸਿੰਘ ਸੋਮਲ, ਕਰਮਜੀਤ ਸਿੰਘ ਚਿੱਲਾ,ਸੁਖਚੈਨ ਸਿੰਘ ਚਿੱਲਾ, ਕਾਲੀ ਸਰਪੰਚ ਮੋਲੀ, ਜੱਸੀ ਬੱਲੋ ਮਾਜਰਾ, ਭੋਲੂ ਸੁਹਾਣਾ, ਸੰਤ ਸਿੰਘ ਸੋਹਾਣਾ, ਮਹਿੰਦਰ ਸੁਹਾਨਾ, ਗੁਰਬਖਸ ਮੋਲੀ, ਸੁਰਜੀਤ ਸਿੰਘ ਨੰਬਰਦਾਰ ਦੇ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਸ਼ਾਮਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran