ਪੀਏਯੂ ਵੱਲੋਂ ਸਿਉਂਕ ਟਰੈਪ ਤਕਨੀਕ ਵਿਕਸਿਤ

September 09 2019

ਸਿਉਂਕ ਆਮ ਤੌਰ ’ਤੇ ਦਰਿਆ ਨੇੜੇ ਵਾਲੀਆਂ ਜ਼ਮੀਨਾਂ ਵਿੱਚ ਪਾਈ ਜਾਂਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਗਪਗ ਹਰ ਜ਼ਿਲ੍ਹੇ ਵਿੱਚ ਕਿਤੇ ਨਾ ਕਿਤੇ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਸਿਉਂਕ ਦੀ ਰਾਣੀ ਕਿਸਮ ਇੱਕ ਸਕਿੰਟ ’ਚ 2-3 ਆਂਡੇ ਦਿੰਦੀ ਹੈ ਜੋ 12 ਘੰਟਿਆਂ ’ਚ ਸਵਾ ਲੱਖ ਤੋਂ ਵੱਧ ਬਣ ਜਾਂਦੇ ਹਨ। ਜ਼ਮੀਨ ਹੇਠੋਂ ਇਹ ਸਿਉਂਕ ਫਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ।

ਕਿਸਾਨਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਦਿਵਾਉਣ ਲਈ ਪੀਏਯੂ ਦੇ ਮਾਹਰਾਂ ਨੇ ਇੱਕ ਸੌਖੀ ਅਤੇ ਸਸਤੀ ਤਕਨੀਕ ਵਿਕਸਤ ਕੀਤੀ ਹੈ। ਇਸ ਤਕਨੀਕ ’ਚ 13 ਇੰਚ ਵੱਡੇ ਘੜੇ ਲੈ ਕਿ ਉਨ੍ਹਾਂ ’ਚ 24 ਮੋਰੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਘੜਿਆਂ ਵਿੱਚ ਮੱਕੀ ਦੇ ਗੁੱਲੇ ਪਾ ਕਿ ਸਿਉਂਕ ਪ੍ਰਭਾਵਿਤ ਜ਼ਮੀਨ ਹੇਠਾਂ ਇਸ ਤਰ੍ਹਾਂ ਦੱਬਿਆ ਜਾਂਦਾ ਹੈ ਕਿ ਉਨ੍ਹਾਂ ਦੇ ਢੱਕਣ ਜ਼ਮੀਨ ਤੋਂ ਥੋੜ੍ਹੇ ਬਾਹਰ ਰਹਿ ਜਾਣ। ਇੱਕ ਏਕੜ ਵਿੱਚ 14 ਘੜੇ ਦੱਬੇ ਜਾ ਸਕਦੇ ਹਨ।

ਪੀਏਯੂ ਦੇ ਫਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਸਨਦੀਪ ਸਿੰਘ ਨੇ ਦੱਸਿਆ ਕਿ ਸਿਉਂਕ ਬਰਸਾਤੀ ਮਹੀਨਿਆਂ ’ਚ ਜ਼ਿਆਦਾ ਵਧਦੀ ਹੈ। ਇਸ ਲਈ ਇਹ ਘੜੇ ਅਪਰੈਲ ਤੋਂ ਜੂਨ ਅਤੇ ਸਤੰਬਰ ਤੋਂ ਅਕਤੂਬਰ ਮਹੀਨਿਆਂ ਦੌਰਾਨ ਜ਼ਮੀਨ ਵਿੱਚ ਰੱਖੇ ਜਾਣ। 20 ਤੋਂ 25 ਦਿਨਾਂ ਬਾਅਦ ਇਨਾਂ ਘੜਿਆਂ ਦੇ ਢੱਕਣ ਖੋਲ੍ਹ ਕਿ ਇਕੱਠੀ ਹੋਈ ਸਿਉਂਕ ਦੇਖੀ ਜਾ ਸਕਦੀ ਹੈ। ਇਸ ਸਿਉਂਕ ਨੂੰ ਕੁੱਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕਿ ਖ਼ਤਮ ਕੀਤਾ ਜਾ ਸਕਦਾ ਹੈ।

ਡਾ. ਸਨਦੀਪ ਨੇ ਦੱਸਿਆ ਪੀਏਯੂ ਵੱਲੋਂ ਤਿਆਰ ਟਰੈਪ ਰਾਸ਼ਟਰੀ ਬਾਗ਼ਬਾਨੀ ਪ੍ਰਾਜੈਕਟ ਅਧੀਨ ਪ੍ਰਦਰਸ਼ਨ ਲਈ ਵਿਭਾਗ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਦੀ ਵਰਤੋਂ ਨਾਲ ਜਿਥੇ ਕਿਸਾਨਾਂ ਦਾ ਕੀਟਨਾਸ਼ਕਾਂ ਤੋਂ ਛੁਟਕਾਰਾ ਹੋਵੇਗਾ ਉੱਥੇ ਇਹ ਵਾਤਾਵਰਨ ਲਈ ਵੀ ਕੋਈ ਨੁਕਸਾਨਦੇਹ ਨਹੀਂ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ