ਪੀ.ਏ.ਯੂ. ਲਾਈਵ ਵਿੱਚ ਮਾਹਿਰਾਂ ਨੇ ਬਾਸਮਤੀ ਦੀ ਸਿੱਧੀ ਬਿਜਾਈ ਬਾਰੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ

June 17 2021

ਇਸ ਵਾਰ ਪੀ.ਏ.ਯੂ. ਲਾਈਵ ਵਿੱਚ ਖੇਤੀ ਮਾਹਿਰਾਂ ਨੇ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ-7, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਦੀ ਸਿੱਧੀ ਬਿਜਾਈ ਬਾਰੇ ਗੱਲਬਾਤ ਕੀਤੀ । ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਅਗਲੇ 15 ਦਿਨ ਇਹਨਾਂ ਕਿਸਮਾਂ ਦੀ ਬਿਜਾਈ ਲਈ ਢੁੱਕਵੇਂ ਹਨ। ਡਾ. ਭੁੱਲਰ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਸਿੱਧੀ ਬਿਜਾਈ ਦੀ ਤਕਨੀਕ ਨੂੰ ਸਵੀਕਾਰ ਕੀਤਾ ਹੈ। ਪਿਛਲੇ ਸਾਲ ਕੋਵਿਡ-19 ਅਤੇ ਲਾਕਡਾਊਨ ਕਾਰਨ ਵੱਡੀ ਪੱਧਰ ਤੇ ਰਕਬਾ ਸਿੱਧੀ ਬਿਜਾਈ ਹੇਠ ਆਇਆ। ਇਸ ਵਰੇ ਕਿਸਾਨਾਂ ਨੇ ਹੋਰ ਜ਼ਿਆਦਾ ਇਸ ਤਕਨੀਕ ਨੂੰ ਅਪਨਾਉਣ ਵੱਲ ਧਿਆਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤਕਨਾਲੋਜੀ ਨਾਲ ਪਾਣੀ ਅਤੇ ਮਜ਼ਦੂਰੀ ਦੇ ਖਰਚੇ ਬਚਦੇ ਹਨ। ਵਧੇਰੇ ਝਾੜ ਹੁੰਦਾ ਹੈ ਅਤੇ ਮੁਨਾਫਾ ਵਧਦਾ ਹੈ। ਇਸ ਤੋਂ ਇਲਾਵਾ ਡਾ. ਭੁੱਲਰ ਨੇ ਵੱਖ-ਵੱਖ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਵੀ ਵਿਚਾਰਾਂ ਕੀਤੀਆਂ।

ਫ਼ਸਲ ਵਿਗਿਆਨੀ ਡਾ. ਸਿਮਰਜੀਤ ਕੌਰ ਅਤੇ ਕੀਟ ਵਿਗਿਆਨੀ ਡਾ. ਇੰਦਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਸੀ ਐੱਸ ਆਰ-30, ਬਾਸਮਤੀ -370, ਬਾਸਮਤੀ 386 ਅਤੇ ਪੂਸਾ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਵਿੱਚ ਜ਼ਿੰਕ ਦੀ ਘਾਟ ਦੀ ਪੂਰਤੀ ਬਾਰੇ ਸੁਝਾਅ ਦਿੱਤੇ। ਨਾਲ ਹੀ ਗੰਨੇ ਵਿੱਚ ਅਗੇਤੇ ਗੜੂੰਏਂ ਦੀ ਰੋਕਥਾਮ ਲਈ ਟਰਾਈਕੋਕਾਰਡ ਦੀ ਵਰਤੋਂ ਵੀ ਕਿਸਾਨਾਂ ਨੂੰ ਦੱਸੀ ਗਈ। ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਹ ਟਰਾਈਕੋਕਾਰਡ ਦੇ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਤੋਂ ਇਲਾਵਾ ਖੇਤਰੀ ਖੋਜ ਕੇਂਦਰ ਗੁਰਦਾਸਪੁਰ, ਕਪੂਰਥਲਾ ਅਤੇ ਅੰਮਿ੍ਰਤਸਰ, ਨਵਾਂ ਸ਼ਹਿਰ ਅਤੇ ਰੋਪੜ ਦੀਆਂ ਗੰਨਾਂ ਮਿੱਲਾਂ ਵਿੱਚ ਵੀ ਮਿਲਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਗੰਨਾ ਉਤਪਾਦਕ 98722-05425 ਜਾਂ 97800-10958 ਉੱਪਰ ਸੰਪਰਕ ਕਰ ਸਕਦੇ ਹਨ।

ਕਿਸਮ ਸੁਧਾਰਕ ਡਾ. ਨਵਜੋਤ ਸਿੱਧੂ ਨੇ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ-7 ਬਾਰੇ ਗੱਲਬਾਤ ਕੀਤੀ। ਮੌਸਮ ਵਿਗਿਆਨ ਡਾ. ਕੇ.ਕੇ. ਗਿੱਲ ਨੇ ਮਾਨਸੂਨ ਦੀ ਸਥਿਤੀ ਤੋਂ ਜਾਣੂੰ ਕਰਵਾਇਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjab Agricultural University Ludhiana