ਪਿੰਡ ਦੇਵੀਦਾਸਪੁਰਾ ਰੇਲ ਮਾਰਗ ਤੇ ਕਿਸਾਨਾਂ ਦਾ ਧਰਨਾ 30ਵੇਂ ਦਿਨ ਵੀ ਜਾਰੀ

October 24 2020

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ ਤੇ ਚੱਲ ਰਿਹਾ ਧਰਨਾ ਅੱਜ 30ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ।

ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਆਰਡੀਨੈਂਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ੍ਹ ਰੇਲਵੇ ਟਰੈਕ ਦੇਵੀਦਾਸਪੁਰਾ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਸੀ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਵਿਚ ਦੇਵੀਦਾਸਪੁਰਾ ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 29 ਅਕਤੂਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਆਉਣ ਲਈ ਮਾਲ ਗੱਡੀਆਂ ਲਈ ਕੋਈ ਵੀ ਰੁਕਾਵਟ ਨਹੀਂ ਹੈ ਕਿਉਂਕਿ ਬਿਆਸ ਤੋਂ ਵਾਇਆ ਤਰਨ ਤਾਰਨ ਰਾਹੀਂ ਅੰਮ੍ਰਿਤਸਰ ਮਾਲ ਗੱਡੀ ਬਹੁਤ ਅਸਾਨੀ ਨਾਲ ਪਹੁੰਚ ਸਕਦੀ ਹੈ। ਆਗੂਆਂ ਨੇ ਦਸਿਆ ਕਿ 23 ਅਕਤੂਬਰ ਨੂੰ ਅੰਮ੍ਰਿਤਸਰ ਰਣਜੀਤ ਐਵੀਨਿਉ ਵਿਖੇ ਬੀਬੀਆਂ ਦਾ ਵੱਡਾ ਇਕੱਠ ਕਰ ਕੇ ਮੋਦੀ ਤੇ ਉਸਦੇ ਜੋਟੀਦਾਰ ਪੂੰਜੀਪਤੀ ਅੰਬਾਨੀ, ਅੰਡਾਨੀ ਦੇ ਪੁਤਲੇ ਫੂਕੇ ਜਾਣਗੇ। ਇਸੇ ਤਰ੍ਹਾਂ ਬੀਬੀਆਂ ਦੇ ਵੱਡੇ ਇਕੱਠ ਕਰ ਕੇ ਫ਼ਿਰੋਜ਼ਪੁਰ, ਤਰਨ ਤਾਰਨ, ਹੁਸ਼ਿਆਰਪੁਰ ਟਾਂਡਾ, ਜਲੰਧਰ, ਕਪੂਰਥਲਾ ਵਿਖੇ ਵੀ ਮੋਦੀ ਸਮੇਤ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman