ਪਹਿਲੀ ਜੂਨ ਨੂੰ ਕੇਰਲ ਤੱਟ ਤੇ ਪੁੱਜ ਜਾਵੇਗਾ ਮੌਨਸੂਨ, ਇਨ੍ਹਾਂ ਸੂਬਿਆਂ ਚ ਜੰਮ ਕੇ ਹੋਵੇਗੀ ਬਾਰਿਸ਼, ਖੇਤੀ ਲਈ ਚੰਗੀ ਖ਼ਬਰ

May 07 2021

ਕੋਰੋਨਾ ਦੇ ਇਸ ਆਫਤ ਕਾਲ ਚ ਮੌਨਸੂਨ ਬਾਰੇ ਚੰਗੀ ਖ਼ਬਰ ਹੈ, ਜਿਹੜੀ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਮੌਨਸੂਨ ਆਪਣੇ ਨਿਰਧਾਰਤ ਸਮੇਂ ਤੇ ਕੇਰਲ ਦੇ ਤੱਟੀ ਖੇਤਰ ਤੱਕ ਪੁੱਜੇਗਾ। ਮੌਨਸੂਨ ਦੇ ਤਾਜ਼ਾ ਅਨੁਮਾਨ ਨਾਲ ਖੇਤੀ ਖੇਤਰ ਤੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ। ਕਿਸਾਨਾਂ ਲਈ ਆਉਂਦੇ ਫ਼ਸਲੀ ਸਾਲ ਦੇ ਸ਼ਾਨਦਾਰ ਹੋਣ ਦੀ ਸੰਭਾਵਨਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ ਰਾਜੀਵਨ ਨੇ ਵੀਰਵਾਰ ਨੂੰ ਕਿਹਾ ਕਿ ਚਾਲੂ ਸੀਜ਼ਨ ਚ ਮੌਨਸੂਨ ਆਪਣੇ ਨਿਰਧਾਰਤ ਸਮੇਂ ਤੇ ਪਹਿਲੀ ਜੂਨ ਨੂੰ ਕੇਰਲ ਪੁੱਜ ਜਾਵੇਗਾ।

ਭਾਰਤੀ ਮੌਸਮ ਵਿਭਾਗ ਨੇ ਮੌਨਸੂਨ ਨੂੰ ਲੈ ਕੇ ਜਾਰੀ ਆਪਣੇ ਪਹਿਲੇ ਅਨੁਮਾਨ ਚ ਦਾਅਵਾ ਕੀਤਾ ਹੈ ਕਿ ਇਸ ਵਾਰੀ ਮੌਨਸੂਨ ਪੂਰੇ ਦੇਸ਼ ਚ ਜ਼ਬਰਦਸਤ ਢੰਗ ਨਾਲ ਵਰ੍ਹੇਗਾ। ਮੌਨਸੂਨੀ ਹਵਾਵਾਂ ਸਹੀ ਤਰੀਕੇ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ 15 ਮਈ ਨੂੰ ਮੌਨਸੂਨੀ ਹਵਾਵਾਂ ਦੀ ਚਾਲ, ਬੱਦਲਾਂ ਚ ਪਾਣੀ ਦੀ ਮਾਤਰਾ ਤੇ ਦੇਸ਼ ਦੇ ਕਿਨ੍ਹਾਂ ਹਿੱਸਿਆਂ ਚ ਕਿੰਨੀ ਬਾਰਿਸ਼ ਹੋਵੇਗੀ, ਦਾ ਵੇਰਵਾ ਜਾਰੀ ਕਰੇਗਾ।

ਇਸ ਤੋਂ ਪਹਿਲਾਂ ਮਿਲੇ ਸੰਕੇਤਾਂ ਤੋਂ ਬਾਅਦ ਮੰਤਰਾਲੇ ਦੇ ਸਕੱਤਰ ਨੇ ਮੌਨਸੂਨ ਦੇ ਸਮੇਂ ਸਿਰ ਭਾਰਤੀ ਤੱਟ ਛੂਹ ਲੈਣ ਦਾ ਟਵੀਟ ਕੀਤਾ ਹੈ। ਮੌਸਮ ਵਿਗਿਆਨੀਆਂ ਦੇ ਅਨੁਮਾਨ ਮੁਤਾਬਕ ਚਾਲੂ ਸੀਜ਼ਨ ਚ ਦੇਸ਼ ਦੇ 75 ਫ਼ੀਸਦੀ ਹਿੱਸੇ ਚ ਬਾਰਿਸ਼ ਕਰਨ ਵਾਲਾ ਦੱਖਣ-ਪੱਛਮੀ ਮੌਨਸੂਨ ਇਸ ਵਾਰੀ ਪੂਰੀ ਤਰ੍ਹਾਂ ਸਾਧਾਰਨ ਰਹੇਗਾ। ਯਾਨੀ ਪੂਰੇ ਦੇਸ਼ ਚ ਜ਼ਬਰਦਸਤ ਬਾਰਿਸ਼ ਹੋਵੇਗੀ।

ਦੇਸ਼ ਦੇ 75 ਫ਼ੀਸਦੀ ਹਿੱਸੇ ਚ ਜੂਨ ਤੋਂ ਲੈ ਕੇ ਸਤੰਬਰ ਤਕ ਚੰਗੀ ਬਾਰਿਸ਼ ਦਾ ਅਨੁਮਾਨ ਹੈ। ਜੂਨ ਤੋਂ ਸਤੰਬਰ ਤਕ ਸਰਗਰਮ ਰਹਿਣ ਵਾਲੇ ਮੌਨਸੂਨ ਸੀਜ਼ਨ ਚ ਕੁੱਲ 103 ਫ਼ੀਸਦੀ ਬਾਰਿਸ਼ ਹੋਵੇਗੀ। ਪਰ ਉੱਤਰੀ ਖੇਤਰ ਦੇ ਮੈਦਾਨੀ ਹਿੱਸਿਆਂ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਚ ਪੂਰੇ ਸੀਜ਼ਨ ਚ ਘੱਟ ਬਾਰਿਸ਼ ਦਾ ਖ਼ਦਸ਼ਾ ਹੈ। ਜਦਕਿ ਪੂਰਬੀ ਸੂਬਿਆਂ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਚ ਔਸਤ ਤੋਂ ਜ਼ਿਆਦਾ ਬਰਸਾਤ ਹੋਣ ਦਾ ਅਨੁਮਾਨ ਹੈ।

ਪ੍ਰਸ਼ਾਂਤ ਮਹਾਸਾਗਰ ਚ ਪਿਛਲੇ ਸਾਲ ਤੋਂ ਲਾ ਨੀਨਾ ਦੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਆਉਂਦਾ ਮੌਨਸੂਨ ਸੀਜ਼ਨ ਚੰਗਾ ਰਹੇਗਾ। ਪੂਰੇ ਮੌਨਸੂਨ ਸੀਜ਼ਨ ਤੇ ਅਲ ਨੀਨੋ ਦੇ ਉਭਰਨ ਦਾ ਖ਼ਦਸ਼ਾ ਨਹੀਂ ਹੈ। ਮਹਾਨਗਰਾਂ ਚ ਹੋਣ ਵਾਲੀਆਂ ਸਰਗਰਮੀਆਂ ਦਾ ਕੋਈ ਮਾੜਾ ਅਸਰ ਮੌਨਸੂਨ ਦੀ ਚਾਲ ਤੇ ਨਹੀਂ ਪਵੇਗਾ।

ਪ੍ਰਰਾਈਵੇਟ ਕੰਪਨੀ ਸਕਾਈਮੈਟ ਦੇ ਅਨੁਮਾਨ ਮੁਤਾਬਕ ਜੁਲਾਈ ਮਹੀਨੇ ਚ 15 ਫ਼ੀਸਦੀ ਤਕ ਸਾਧਾਰਨ ਤੋਂ ਘੱਟ ਬਾਰਿਸ਼ ਹੋ ਸਕਦੀ ਹੈ। ਇਸ ਮਹੀਨੇ ਚ 285 ਮਿਲੀਮੀਟਰ ਦੇ ਮੁਕਾਬਲੇ 277 ਮਿਲੀਮੀਟਰ ਬਾਰਿਸ਼ ਹੋਣ ਦਾ ਅਨੁਮਾਨ ਹੈ। ਅਗਸਤ ਮਹੀਨੇ ਚ ਹੋਣ ਵਾਲੀ ਸਾਧਾਰਨ ਬਾਰਿਸ਼ 258 ਦੇ ਮੁਕਾਬਲੇ 256 ਮਿਲੀਮੀਟਰ ਹੋਵੇਗੀ। ਸਤੰਬਰ ਚ ਵਿਆਪਕ ਰੂਪ ਨਾਲ ਚਾਰੇ ਪਾਸੇ ਤੇ ਸਾਧਾਰਨ ਤੋਂ ਜ਼ਿਆਦਾ ਬਰਸਾਤ ਹੋਣ ਦਾ ਅਨੁਮਾਨ ਹੈ। ਇਸ ਮਹੀਨੇ ਸਾਧਾਰਨ ਰੂਪ ਨਾਲ 170 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਆਉਂਦੇ ਸੀਜ਼ਨ ਚ ਇਹ 197 ਮਿਲੀਮੀਟਰ ਹੋਵੇਗੀ। ਦੇਸ਼ ਦੇ ਪੱਛਮੀ ਕਿਨਾਰੇ ਚ ਔਸਤ ਤੋਂ ਘੱਟ ਬਾਰਿਸ਼ ਦਾ ਅਨੁਮਾਨ ਲਾਇਆ ਗਿਆ ਹੈ। ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਚ ਜੁਲਾਈ ਤੇ ਅਗਸਤ ਚ ਭਾਵੇਂ ਕੁਝ ਬਾਰਿਸ਼ ਹੋਵੇ, ਪਰ ਸਤੰਬਰ ਚ ਪਰਤਦਾ ਮੌਨਸੂਨ ਜ਼ਿਆਦਾ ਬਾਰਿਸ਼ ਕਰ ਸਕਦਾ ਹੈ। ਇਸ ਵਾਰੀ ਮੌਨਸੂਨ ਦੀ ਵਿਦਾਈ ਦੇਰ ਨਾਲ ਹੋਣ ਦਾ ਅਨੁਮਾਨ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran