ਪਰਾਲੀ ਸਾੜੇ ਬਿਨਾਂ ਸੁਰਜੀਤ ਸਿੰਘ ਨੇ ਕੀਤੀ ਵੱਧ ਕਮਾਈ

November 03 2020

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕ੍ਰਿਸ਼ੀ ਕਰਮਨ ਐਵਾਰਡ ਲੈਣ ਵਾਲੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਦੇ ਖੇਤਾਂ ਚ ਪੀਆਰ ਝੋਨਾ 40 ਕੁਇੰਟਲ ਪ੍ਰਤੀ ਏਕੜ ਪੈਦਾ ਹੋਇਆ ਹੈ। ਸੁਰਜੀਤ ਸਿੰਘ ਸਾਧੂਗੜ੍ਹ ਨੇ 20 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ 2006 ਤੋਂ ਰੇਨਗੰਨ ਨਾਲ 45 ਕਿਲੇ ਜ਼ਮੀਨ ਨੂੰ ਪਾਣੀ ਲਾ ਰਿਹਾ ਹੈ ਅਤੇ ਵੱਟਾਂ ਪਾ ਕੇ ਫ਼ਸਲ ਬੀਜਦਾ ਹੈ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਤੇ ਪਾਣੀ ਦਾ ਮੁੱਦਾ ਸਾਰੀ ਦੁਨੀਆਂ ਦਾ ਬਣ ਚੱੁਕਿਆ ਹੈ ਅਤੇ ਉਸ ਨੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਅੱਗ ਨਹੀਂ ਲਗਾਈ ਅਤੇ ਇਸ ਨੂੰ ਖੇਤਾਂ ਵਿਚ ਮਿਲਾ ਕੇ ਖਾਦ ਬਣਾ ਕੇ, ਫੁਆਰੇ ਨਾਲ ਪਾਣੀ ਲਾ ਕੇ ਪਾਣੀ ਬਚਾਉਂਦੇ ਹੋਏ ਕੱਦੂ ਕਰਨਾ ਛੱਡ ਕੇ ਝੋਨੇ ਦਾ ਵਧੇਰੇ ਝਾੜ ਹਾਸਲ ਕੀਤਾ। ਬਲਾਕ ਖੇੜਾ ਦੇ ਅਫ਼ਸਰ ਹਰਸੰਗੀਤ ਸਿੰਘ ਨੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ। ਉਹ ਇਸ ਕਿਸਾਨ ਵਲੋਂ ਹਾਸਲ ਕੀਤੇ ਸ਼ਾਨਦਾਰ ਝਾੜ ਤੋਂ ਵੀ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਆਲੂਆਂ ਵਾਂਗੂ ਝੋਨਾ ਵੱਟਾਂ ਤੇ ਲਾਉਣ ਨਾਲ ਖਰਚਾ ਘਟਦਾ ਹੈ। ਸੁਰਜੀਤ ਸਿੰਘ ਸਾਧੂਗੜ੍ਹ ਨੇ ਕਿਹਾ ਕਿ ਵੱਟਾਂ ਤੇ ਝੋਨਾ ਲਾਉਣ ਨਾਲ ਉੱਲੀ ਰੋਗ, ਪੱਤਾ ਲਪੇਟ ਰੋਗ ਨਹੀਂ ਲੱਗਦੇ, ਕਣਕ ਵਾਂਗੂ ਪਾਣੀ ਲੱਗਦਾ ਸੁੱਕਦਾ ਹੈ, ਬੂਟੇ ਦੀ ਜੜ੍ਹ ਨੂੰ ਆਕਸੀਜਨ ਮਿਲਦੀ ਹੈ। ਪਾਣੀ ਦੁਬਾਰਾ ਧਰਤੀ ਵਿਚ ਜਾਂਦਾ ਹੈ। ਕੱਦੂ ਕਰਨ ਨਾਲ ਮਿਥੈਨ ਗੈਸ ਪੈਦਾ ਹੁੰਦੀ ਹੈ। ਜੋ ਕਾਰਬਨ ਡਾਈਆਕਸਾਈਡ ਨਾਲੋਂ 23 ਗੁਣਾ ਵੱਧ ਹਾਨੀਕਾਰਕ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਤਕਨੀਕ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਚਮਕੋਰ ਸਿੰਘ ਨੰਬੜਦਾਰ, ਪਰਮਜੀਤ ਸਿੰਘ, ਅਮਰਿੰਦਰ ਗੁਰਮ, ਹਰਕਰਨ ਸਿੰਘ ਪੂਨੀਆ ਅਤੇ ਸੁਰਜੀਤ ਸਿੰਘ ਸਾਧੂਗੜ੍ਹ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran