ਪਰਾਲੀ ਨੂੰ ਅੱਗ ਨਾ ਲਾਉਣ ਤੇ ਕੀਤੀ ਜਸਵਿੰਦਰ ਸਿੰਘ ਦੀ ਸ਼ਲਾਘਾ

November 06 2020

ਜ਼ਿਲ੍ਹਾ ਲੁਧਿਆਣਾ ਦੇ ਬਲਾਕ ਡੇਹਲੋਂ ਅਧੀਨ ਪੈਂਦੇ ਪਿੰਡ ਨੰਗਲ ਦਾ ਵਸਨੀਕ ਜਸਵਿੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ। ਜਸਵਿੰਦਰ ਸਿੰਘ ਖੇਤੀਬਾੜੀ ਨਾਲ ਮੁੱਢ-ਕਦੀਮੀ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਰਾਬਤਾ ਰੱਖਿਆ ਹੈ। ਬੇਸ਼ੱਕ ਜਸਵਿੰਦਰ ਸਿੰਘ ਨੇ ਮੈਟਿ੍ਕ ਤਕ ਪੜ੍ਹਾਈ ਕੀਤੀ ਹੈ ਪਰ ਉਸਨੇ ਸਮੇਂ ਦੇ ਨਾਲ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਤੇ ਆਪਣੀ ਖੇਤੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਵਾਤਾਵਰਣ ਪੱਖੀ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ 8 ਏਕੜ ਜ਼ਮੀਨ ਹੈ ਅਤੇ 38 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਇਸ ਕਿਸਾਨ ਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਤੇ ਕਣਕ ਝੋਨੇ ਜਿਹੀਆਂ ਰਵਾਇਤੀ ਫਸਲਾਂ ਤੋਂ ਬਿਨਾਂ ਸਰੋਂ, ਛੋਲੇ, ਮੂੰਗੀ, ਮੱਕੀ ਅਤੇ ਆਲੂ ਦੀ ਫਸਲ ਦੀ ਵੀ ਖੇਤੀ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਉਸਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੇ ਨਾੜ ਨੂੰ ਕਦੇ ਵੀ ਅੱਗ ਨਹੀਂ ਲਗਾਈ। ਕਿਸਾਨ ਜਸਵਿੰਦਰ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕਸਟਮ ਹਾਇਰਿੰਗ ਯੰਗ ਫਾਰਮਰਜ਼ ਗਰੁੱਪ ਬਣਾ ਕੇ ਉਲਟਾਵੇ ਹਲ, ਹੈਪੀ ਸੀਡਰ, ਪੈਡੀ ਟਰਾਂਸਪਲਾਟਰ ਜਿਹੀਆਂ ਮਸ਼ੀਨਾਂ ਦੀ ਖਰੀਦ ਕਰਕੇ, ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ। ਕਸਟਮ ਹਾਇਰਿੰਗ ਸੈਂਟਰ ਯੰਗ ਫਾਰਮਰਜ਼ ਗਰੁੱਪ ਅਧੀਨ ਪਿਛਲੇ ਸਾਲ 150 ਏਕੜ ਦਾ ਰਕਬਾ ਕਵਰ ਕੀਤਾ ਹੈ। ਅਗਾਂਹਵਧੂ ਕਿਸਾਨ ਨੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਤਜਰਬੇ ਦੀ ਘਾਟ ਕਾਰਨ ਉਸਨੂੰ ਪਰਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਹਿੰਮਤ ਨਹੀ ਹਾਰੀ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਵਾਹ ਕੇ ਹਾੜੀ ਦੀਆਂ ਫਸਲਾਂ ਦਾ ਵਧੀਆ ਝਾੜ ਪ੍ਰਰਾਪਤ ਕੀਤਾ। ਕਿਸਾਨ ਅਨਾਜ ਫਸਲਾਂ ਤੋਂ ਇਲਾਵਾ ਪੀਏਯੂ ਲੁਧਿਆਣਾ ਵੱਲੋਂ ਵਿਕਸਿਤ ਕੀਤੇ ਫੱਲਦਾਰ ਬੂਟੇ ਵੀ ਲਾਉਂਦਾ ਹੈ ਤੇ ਘਰੇਲੂ ਜਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆ ਵੀ ਉਗਾਉਂਦਾ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਤੇ ਵਿਭਾਗ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਇਹ ਕਿਸਾਨ ਆਪਣੇ ਸਾਥੀ ਕਿਸਾਨਾਂ ਨੂੰ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਫਸਲੀ ਵਿਭਿੰਨਤਾ ਦੇ ਚੰਗੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਾ ਹੈ। ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਤੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦਿਆਂ ਹੋਰ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕਰਦਾ ਹੈ। ਆਪਣੀ ਅਗਾਂਹਵਧੂ ਸੋਚ ਅਤੇ ਵਾਤਾਵਰਣ ਪ੍ਰਤੀ ਸਕਾਰਾਤਮਿਕ ਸੋਚ ਕਾਰਨ ਕਿਸਾਨ ਜਸਵਿੰਦਰ ਸਿੰਘ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰਰੇਰਣਾ ਦਾ ਸਰੋਤ ਬਣਿਆ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran