ਪਰਮਲ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ

June 12 2021

ਆਮ ਤੌਰ ’ਤੇ ਪੰਜਾਬ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸਤ ਜ਼ਮੀਨ ਵਿੱਚ ਕੱਦੂ ਕਰ ਕੇ ਕੀਤੀ ਜਾਂਦੀ ਹੈ। ਇਸ ਨਾਲ ਖ਼ਰਚਾ ਵੱਧ ਅਤੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਵੀ ਜ਼ਿਆਦਾ ਹੁੰਦੀ ਹੈ। ਅੱਜ ਦੇ ਸਮੇਂ ਦੀ ਮੁੱਖ ਲੋੜ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਨੂੰ ਘਟਾਉਣਾ ਬਣ ਗਈ ਹੈ। ਕੁਦਰਤੀ ਸਾਧਨਾਂ ਦੀ ਦੁਰਵਰਤੋਂ ਨੂੰ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਇੱਕ ਬਹੁਤ ਵਧੀਆ ਉਪਰਾਲਾ ਹੈ। ਕੱਦੂ ਕਰ ਕੇ ਝੋਨੇ ਦੀ ਲਵਾਈ ਕਰਨ ਨਾਲ ਮਜ਼ਦੂਰੀ ਦੇ ਖ਼ਰਚੇ ਵਧ ਜਾਂਦੇ ਹਨ। ਇਸ ਤੋਂ ਉਲਟ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਖ਼ਰਚਾ ਘੱਟ ਹੁੰਦਾ ਹੈ ਜਿਸ ਨਾਲ ਪੈਸੇ ਦੀ ਬੱਚਤ ਹੁੰਦੀ ਹੈ। ਮੌਜੂਦਾ ਸਮੇਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਕੱਦੂ ਕਰਨ ਦੀ ਬਜਾਇ ਵਧੀਆ ਯਤਨ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰ ਕੇ ਝੋਨਾ ਲਾਉਣ ਨਾਲੋਂ ਮਜ਼ਦੂਰੀ ਦਾ ਖ਼ਰਚਾ, ਸਮਾਂ, ਪਾਣੀ ਦਾ ਖ਼ਰਚਾ ਆਦਿ ਬਚ ਜਾਂਦਾ ਹੈ। ਬੀਜ ਦੀ ਸਹੀ ਮਾਤਰਾ, ਪਾਣੀ ਦਾ ਚੰਗਾ ਪ੍ਰਬੰਧ, ਨਦੀਨਾਂ ਦੀ ਸੁਚੱਜੀ ਰੋਕਥਾਮ ਅਤੇ ਸੁਚੱਜੇ ਖਾਦ ਪ੍ਰਬੰਧ ਨਾਲ ਸਿੱਧੀ ਬਿਜਾਈ ਤੋਂ ਚੰਗਾ ਝਾੜ੍ਹ ਲਿਆ ਜਾ ਸਕਦਾ ਹੈ। ਮਜ਼ਦੂਰਾਂ ਦੀ ਘਾਟ ਅਤੇ ਪਾਣੀ ਦੀ ਘਾਟ ਹੋਣ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਬਹੁਤ ਹੀ ਫ਼ਾਇਦੇਮੰਦ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਸਿੱਧੀ ਬਿਜਾਈ ਲਈ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਕੁਦਰਤੀ ਸੋਮਿਆਂ (ਪਾਣੀ) ਦੀ ਬੱਚਤ ਹੋ ਸਕੇ ਅਤੇ ਵੱਧ ਝਾੜ ਲਿਆ ਜਾ ਸਕੇ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਲੋਹੇ ਦੀ ਬਹੁਤ ਘਾਟ ਆਉਂਦੀ ਹੈ ਜਿਸ ਦਾ ਝੋਨੇ ਦੇ ਜੰਮ ਅਤੇ ਝਾੜ ’ਤੇ ਬੁਰਾ ਅਸਰ ਪੈਂਦਾ ਹੈ।

ਝੋਨੇ ਦੀ ਸਿੱਧੀ ਬਿਜਾਈ ਦੀ ਕਾਮਯਾਬੀ ਲਈ ਖੇਤ ਲੇਜ਼ਰ ਕਰਾਹੇ ਨਾਲ ਪੱਧਰਾ ਕਰ ਲੈਣਾ ਚਾਹੀਦਾ ਹੈ। ਚੰਗੀ ਤਰ੍ਹਾਂ ਪੱਧਰ ਕੀਤੇ ਹੋਏ ਖੇਤ ਵਿੱਚ ਪਾਣੀ ਇਕਸਾਰ ਲੱਗੇਗਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਹੋਵੇਗੀ। ਉੱਚੇ ਨੀਵੇਂ ਖੇਤ ਵਿੱਚ ਫ਼ਸਲ ਦਾ ਝਾੜ ਘਟੇਗਾ ਅਤੇ ਚੰਗੀ ਤਰ੍ਹਾਂ ਪੱਧਰ ਕੀਤੇ ਹੋਏ ਖੇਤ ਵਿੱਚ ਬੀਜ ਦੀ ਡੂੰਘਾਈ ਇੱਕ ਸਾਰ ਹੋਵੇਗੀ ਅਤੇ ਫ਼ਸਲ ਦਾ ਜੰਮ ਚੰਗਾ ਹੋਵੇਗਾ ਜਿਸ ਦੇ ਫਲਸਰੂਪ ਝਾੜ ਵਿੱਚ ਵਾਧਾ ਹੋਵੇਗਾ।

ਝੋਨੇ ਦੀ ਸਿੱਧੀ ਬਿਜਾਈ ਲਈ ਚੰਗੇ ਬੀਜ ਅਤੇ ਚੰਗੇ ਜੰਮ ਵਾਲੀ ਕਿਸਮ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਕਿ ਨਦੀਨਾਂ ਦਾ ਮੁਕਾਬਲਾ ਕਰ ਸਕਣ। ਇਸ ਲਈ ਪਰਮਲ ਝੋਨੇ ਦੀਆਂ ਸਭ ਤੋਂ ਵਧੀਆਂ ਕਿਸਮਾਂ ਪੀ ਆਰ 121, ਪੀ ਆਰ 124, ਪੀ ਆਰ 126, ਪੀ ਆਰ 128 ਅਤੇ ਪੀ ਆਰ 129 ਹਨ ਜੋ ਕਿ ਉੱਗਣ ਵਿੱਚ ਘੱਟ ਸਮਾਂ ਲੈਂਦੀਆਂ ਹਨ ਅਤੇ ਇਨ੍ਹਾਂ ਕਿਸਮਾਂ ਦਾ ਜੰਮ ਵੀ ਚੰਗਾ ਹੁੰਦਾ ਹੈ। ਬਾਸਮਤੀ ਦੀ ਸਿੱਧੀ ਬਿਜਾਈ ਲਈ ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਢੁਕਵੀਆਂ ਹਨ।

ਪਰਮਲ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਜੂਨ ਦੇ ਦੂਜੇ ਪੰਦਰਵੜੇ ਵਿੱਚ ਕਰ ਦੇਣੀ ਚਾਹੀਦੀ ਹੈ।

ਝੋਨੇ ਦੀ ਸਿੱਧੀ ਬਿਜਾਈ 6-8 ਕਿਲੋ ਪ੍ਰਤੀ ਏਕੜ ਬੀਜ ਪਾ ਕੇ ਕਰਨੀ ਚਾਹੀਦੀ ਹੈ। ਜ਼ਿਆਦਾ ਬੀਜ ਦੀ ਮਾਤਰਾ ਨਾਲ ਝੋਨੇ ਵਿੱਚ ਨਾਈਟਰੋਜਨ ਦੀ ਘਾਟ, ਬੇਲੋੜੀਆਂ ਸਾਖਾਵਾਂ, ਭੂਰੇ ਟਿੱਡੇ ਅਤੇ ਸੀਥ ਬਲਾਈਟ ਦਾ ਅਸਰ ਵੱਧ ਹੁੰਦਾ ਹੈ। ਇਸ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ। ਲੋੜ ਤੋਂ ਘੱਟ ਬੀਜ ਦੀ ਮਾਤਰਾ ਨਾਲ ਫ਼ਸਲ ਦਾ ਜੰਮ ਮਾੜਾ ਹੁੰਦਾ ਹੈ। ਬੀਜ ਸੋਧਣ ਲਈ ਕਿਸੇ ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ। ਇਸ ਤਰ੍ਹਾਂ ਕਰਨ ਨਾਲ ਹਲਕਾ ਬੀਜ ਪਾਣੀ ਉੱਪਰ ਆ ਜਾਵੇਗਾ ਇਸ ਨੂੰ ਬਾਹਰ ਕੱਢ ਦਿਉ। ਇਸ ਤੋਂ ਬਾਅਦ ਬੀਜ ਨੂੰ 20 ਗ੍ਰਾਮ ਬਾਵਿਸਟਨ (ਕਾਰਬੈਂਡਾਜਿਮ) ਅਤੇ 1 ਗ੍ਰਾਮ ਸਟਰੈਪਟੋਸਾਈਕਲਿਨ ਦੇ 10 ਲਿਟਰ ਪਾਣੀ ਤੋਂ ਬਣੇ ਘੋਲ ਵਿੱਚ 8-10 ਘੰਟੇ ਲਈ ਡੁਬੋ ਕੇ ਰੱਖੋ ਅਤੇ ਇਸ ਨੂੰ ਬਿਜਾਈ ਤੋਂ ਪਹਿਲਾਂ ਛਾਂ ਵਿੱਚ ਸੁਕਾ ਲਉ। ਅਜਿਹਾ ਕਰਨ ਨਾਲ ਝਾੜ ਵਿੱਚ 2-3% ਦਾ ਵਾਧਾ ਹੁੰਦਾ ਹੈ।

ਝੋਨੇ ਲਈ ਐਜੋਰਾਈਜੋਬੀਅਮ ਜੀਵਾਣੂੰ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਪੈਕਟ ਜੀਵਾਣੂ ਖਾਦ ਨੂੰ 10 ਲਿਟਰ ਪਾਣੀ ਵਿੱਚ ਘੋਲ ਲਉ। ਇੱਕ ਏਕੜ ਦੇ ਬੀਜ ਨੂੰ 45 ਮਿੰਟ ਲਈ ਘੋਲ ਵਿੱਚ ਡੁਬੋ ਕੇ ਰੱਖਣ ਤੋਂ ਬਾਅਦ ਇਸ ਨੂੰ ਕੱਢ ਕੇ ਛਾਂ ਵਿੱਚ ਸੁਕਾ ਲਉ। ਇਸ ਤੋਂ ਬਾਅਦ ਪਨੀਰੀ ਦੀ ਬਿਜਾਈ ਕਰ ਦਿਓ। ਜੀਵਾਣੂ ਖਾਦ ਦੀ ਵਰਤੋਂ ਕਰਨ ਨਾਲ ਫ਼ਸਲ ਦੇ ਝਾੜ ਵਿੱਚ 1-3% ਤੱਕ ਵਾਧਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸਕਤੀ ਵੀ ਵਧਦੀ ਹੈ।

ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜ਼ਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜ਼ਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ।

ਪਹਿਲਾਂ ਪਾਣੀ ਤਕਰੀਬਨ 3 ਤੋਂ 4 ਹਫ਼ਤਿਆਂ ਤੱਕ (ਜ਼ਮੀਨ ਅਨੁਸਾਰ) ਲਗਾਉ। ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ਤੇ 5-7 ਦਿਨਾਂ ਦੇ ਵਕਫ਼ੇ ’ਤੇ ਪਾਣੀ ਦੇਣਾ ਚਾਹੀਦਾ ਹੈ।

ਨਦੀਨਾਂ ਦੀ ਗਿਣਤੀ ਝੋਨੇ ਦੀ ਸਿੱਧੀ ਬਿਜਾਈ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਇਸ ਦੀ ਰੋਕਥਾਮ ਬਹੁਤ ਪ੍ਰਭਾਵਸਾਲੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਘਾਹ ਵਾਲੇ ਅਤੇ ਕੁੱਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਤਰ-ਵੱਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਇਕੋ ਸਮੇਂ ਹੋ ਜਾਂਦਾ ਹੈ ਅਤੇ ਜੇ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ।

ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਹੇਠਾਂ ਲਿਖੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ/ਵਾਸ਼ ਆਊਟ/ਤਾਰਕ/ਮਾਚੋ 10 ਐਸ ਸੀ (ਬਿਸਪਾਇਰੀਬੈਕ) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ, ਚੀਨੀ ਘਾਹ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 900 ਮਿਲੀ ਲਿਟਰ ਪ੍ਰਤੀ ਏਕੜ ਵਿਵਾਇਆ 6 ਓ ਡੀ (ਪਿਨੌਕਸੁਲਮ 1.02%+ ਸਾਈਹੈਲੋਫੌਪ 5.1%*) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਵਾਂਕ, ਮਧਾਣਾ, ਮੱਕੜਾ, ਚੀਨੀ ਘਾਹ, ਗੰਢੀ ਵਾਲਾ ਮੋਥਾ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇੱਟਸਿਟ ਹੋਣ ਤਾਂ 90 ਗ੍ਰਾਮ ਪ੍ਰਤੀ ਏਕੜ ਕੌਂਸਿਲ ਐਕਟਿਵ 30 ਡਬਲਯੂ ਜੀ (ਟਰਾਇਅਫੈਮੋਨ 20%+ ਇਥੌਕਸੀਸਲਫੂਰਾਨ 10%) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਸਿਰਫ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ ਅਤੇ ਚਿੜੀ ਘਾਹ ਹੋਣ ਤਾਂ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੌਪ) ਦਾ ਛਿੜਕਾਅ ਕਰੋ। ਜੇ ਫ਼ਸਲ ਵਿੱਚ ਝੋਨੇ ਦੇ ਮੋਥਿਆਂ ਸਣੇ ਗੰਢੀ ਵਾਲਾ ਮੋਥਾ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ ਕਲੋਰੀਮਿਯੂਰਾਨ) ਦਾ ਛਿੜਕਾਅ ਕਰੋ। ਬਚੇ ਹੋਏ ਨਦੀਨਾਂ ਨੂੰ ਹੱਥ ਨਾਲ ਖਿੱਚ ਕੇ ਜਾਂ ਗੋਡੀ ਕਰ ਕੇ ਪੁੱਟ ਦਿਉ।

ਸਹੀ ਮਾਤਰਾ ਅਤੇ ਸਹੀ ਸਮੇਂ ’ਤੇ ਫ਼ਸਲ ਨੂੰ ਖਾਦ ਦੇਣਾ ਵੱਧ ਝਾੜ ਲੈਣ ਲਈ ਇੱਕ ਮੂਲ ਮੰਤਰ ਹੈ। ਖਾਦ ਦੀ ਸਹੀ ਮਾਤਰਾ ਜ਼ਮੀਨ ਦੀ ਉਪਜਾਊ ਸਕਤੀ ਤੇ ਨਿਰਭਰ ਕਰਦੀ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ। ਪਰਮਲ ਲਈ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਬਾਸਮਤੀ ਲਈ 54 ਕਿਲੋ ਯੂਰੀਆ/ਏਕੜ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ।

ਫਾਸਫੋਰਸ ਅਤੇ ਪੋਟਾਸ ਵਾਲੀ ਖਾਦ ਮਿੱਟੀ ਪਰਖ ਦੇ ਆਧਾਰ ’ਤੇ ਪਾਉਣੀ ਚਾਹੀਦੀ ਹੈ। ਜੇ ਫਾਸਫੋਰਸ ਵਾਲੀ ਖਾਦ ਹਾੜ੍ਹੀ ਦੀ ਫ਼ਸਲ ਕਣਕ ਵਿੱਚ 55 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਗਈ ਹੈ ਤਾਂ ਉਸ ਤੋਂ ਬਾਅਦ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈ। ਝੋਨੇ ਵਿੱਚ ਲੋੜ ਅਨੁਸਾਰ ਨਾਈਟਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ। ਅਕਸਰ ਹਲਕੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ। ਲ਼ੋਹੇ ਦੀ ਘਾਟ ਦੀ ਪੂਰਤੀ ਲਈ 1% ਫੈਰਸ ਸਲਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ। ਫੈਰਸ ਸਲਫੇਟ ਦੀਆਂ ਹਫ਼ਤੇ ਹਫ਼ਤੇ ਬਾਅਦ ਚਾਰ ਸਪਰੇਆਂ ਲੋਹੇ ਦੀ ਘਾਟ ਨੂੰ ਪੂਰਾ ਕਰ ਦਿੰਦੀਆਂ ਹਨ। ਫੈਰਸ ਸਲਫੇਟ ਦੀ ਸਪਰੇਅ ਕਰਨ ਵਕਤ ਝੋਨੇ ਵਿੱਚ ਪਾਣੀ ਖੜ੍ਹਾ ਹੋਣਾ ਜ਼ਰੂਰੀ ਹੈ। ਕੁਝ ਕਿਸਾਨ ਜਿੰਕ ਅਤੇ ਡੀ.ਏ.ਪੀ ਨੂੰ ਝੋਨੇ ਵਿੱਚ ਇਕੱਠਾ ਪਾ ਦਿੰਦੇ ਹਨ ਜਿਸ ਕਾਰਨ ਝੋਨੇ ਵਿੱਚ ਜਿੰਕ ਦੀ ਘਾਟ ਆ ਜਾਂਦੀ ਹੈ। ਇਹ ਦੋਵੇਂ ਖਾਦਾਂ ਇਕੱਠੀਆਂ ਨਹੀਂ ਪਾਉਣੀਆਂ ਚਾਹੀਦੀਆਂ ਹਨ। ਜੇ ਖੜ੍ਹੀ ਫ਼ਸਲ ਵਿੱਚ ਜਿੰਕ ਦੀ ਘਾਟ ਆਉਂਦੀ ਹੈ ਤਾਂ 10 ਕਿਲੋ ਜਿੰਕ ਸਲਫੇਟ (ਹੈਪਟਾਹਾਈਡਰੇਟ 21%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।

ਫਸਲ ਵਿਗਿਆਨੀ, ਪੀਏਯੂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune