ਨੌਜਵਾਨਾਂ ਨੇ ਸ਼ੁਰੂ ਕੀਤਾ ਆਰਗੈਨਿਕ ਗੰਨੇ ਦਾ ਜੂਸ

June 01 2021

ਚਾਰ ਦੋਸਤਾਂ ਨੇ ਰਲ ਕੇ ‘ਨਾਲੇ ਪੁੰਨ ਨਾਲੇ ਫਲੀਆਂ’ ਵਾਲਾ ਕੰਮ ਸ਼ੁਰੂ ਕਰ ਲਿਆ ਹੈ। ਚਾਰੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਹਨ। ਤਿੰਨ ਮਾਸਟਰ ਅਤੇ ਚੌਥਾ ਪੜ੍ਹਿਆ- ਲਿਖਿਆ ਕਾਰੋਬਾਰੀ ਨੌਜਵਾਨ ਹੈ। ਸਕੂਲ ਵਿਚ ਬੱਚਿਆਂ ਦੀ ਅਣਹੋਂਦ ਤੋਂ ਤੰਗ ਇਕ ਤਰ੍ਹਾਂ ਦਾ ਵਿਹਲਾਪਣ ਜਿਹਾ ਉਨ੍ਹਾਂ ਹਿੰਮਤੀਆਂ ਨੂੰ ਅਕਾ ਤੇ ਥਕਾ ਰਿਹਾ ਸੀ। ਇਕ ਦਿਨ ਚਹੁੰਆਂ ਨੇ ਰਲ ਕੇ ਕੋਰੋਨਾ ਸੰਕਟ ਕਾਰਨ ਪੈਦਾ ਹੋਏ ਖਲਾਅ ਨੂੰ ਭਰਨ ਲਈ ਕੋਈ ਕੰਮ ਵਿੱਢਣ ਦਾ ਮਨ ਬਣਾਇਆ। ਚਾਰਾਂ ਦੇ ਮਨ ਵਿਚ ਇਹ ਵੀ ਪੱਕਾ ਸੀ ਕਿ ਕੰਮ ਸਾਫ਼-ਸੁਥਰਾ ਤੇ ਵਿਲੱਖਣ ਹੋਵੇ। ਫਿਰ ਉਨ੍ਹਾਂ ਨੇ ਫ਼ਿਰੋਜ਼ਪੁਰ- ਮੋਗਾ ਰੋਡ ਉੱਪਰ ਡਗਰੂ ਸਟੇਸ਼ਨ ਦੇ ਨਜ਼ਦੀਕ ਤੇ ਨਿਧਾਂ ਵਾਲੇ ਮੋੜ ਦੇ ਸਾਹਮਣੇ ਆਪਣੀ ਹੀ ਜ਼ਮੀਨ ਵਿਚ ਆਰਗੈਨਿਕ ਗੰਨੇ ਦੇ ਜੂਸ ਦੀ ਦੁਕਾਨ ਖੋਲ੍ਹ ਕੇ ਖ਼ੂਬਸੂਰਤ ਕੰਮ ਤੋਂ ਖ਼ੂਬਸੂਰਤ ਕਮਾਈ ਕਰਨੀ ਸ਼ੁੁਰੂ ਕਰ ਦਿੱਤੀ। ਕੰਮ ਦੀ ਖ਼ੂਬਸੂਰਤੀ ਇਸ ਗੱਲ ਵਿਚ ਵੀ ਹੈ ਕਿ ਬਰਫ਼ ਤੇ ਖੰਡ ਰਹਿਤ ਜੂਸ ਲੋਕਾਂ ਦੀ ਸਿਹਤ ਲਈ ਵਧੇਰੇ ਲਾਭਦਾਇਕ ਮੰਨਿਆ ਜਾਂਦਾ ਹੈ। ਇਸੇ ਕਰਕੇ ਪਾੜ੍ਹਿਆਂ ਦੇ ‘ਮਾਸਟਰ ਆਰਗੈਨਿਕ ਸੂਗਰਕੇਨ ਜੂਸ’ ਦੀ ਦੁਕਾਨ ਦੇ ਚਰਚੇ ਦੂਰ -ਦੁਰਾਡੇ ਤਕ ਹੋਣ ਲੱਗੇ ਹਨ। ਹੁਣ ਸਕੂਲ ਡਿਊਟੀ ਦੇਣ ਮਗਰੋਂ ਉਹ ਤਿੰਨੋਂ ਆਪਣੇ ਚੌਥੇ ਦੋਸਤ ਨਾਲ ਰਲ ਕੇ ਆਰਗੈਨਿਕ ਜੂਸ ਵੇਚਣ ਵਿਚ ਰੁੱਝੇ ਰਹਿੰਦੇ ਹਨ।

ਜਿੱਥੇ ਚਾਰੇ ਦੋਸਤ ਕੋਰੋਨਾ ਸੰਕਟ ਦੌਰਾਨ ਲੋਕਾਂ ਨੂੰ ਬਿਹਤਰ ਤੇ ਪਾਏਦਾਰ ਜੂਸ ਵੇਚ ਕੇ ਰੋਗਾਂ ਤੋਂ ਰਿਸ਼ਟ-ਪੁਸ਼ਟ ਰੱਖ ਰਹੇ ਹਨ, ਉੱਥੇ ਹੀ ਨੌਜਵਾਨਾਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਵੀ ਦੇ ਰਹੇ ਹਨ। ਜਦੋਂ ਮਾਸਟਰ ਜਤਿੰਦਰ ਸਿੰਘ, ਰਾਜਵਿੰਦਰ ਸਿੰਘ ਉਰਫ਼ ਰਾਜ ਕੋਰੇਵਾਲਾ, ਮਾਸਟਰ ਗੁਰਭਿੰਦਰ ਸਿੰਘ ਅਤੇ ਮਾਸਟਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਪੈਸਾ ਨਹੀਂ ਸਗੋਂ ਸਾਡੀ ਸੋਚ ਚੰਗਾ, ਵਜ਼ਨਦਾਰ, ਖ਼ੂਬਸੂਰਤ ਕਾਰਜ ਕਰਦਿਆਂ ਰੂਹ ਨੂੰ ਸਕੂਨ ਦੇਣ ਦੇ ਨਾਲ- ਨਾਲ ਜ਼ਿੰਦਗੀ ਦੀ ਪੱਟੜੀ ’ਤੇ ਚੱਲਦੀ ਸਾਹਾਂ ਦੀ ਗੱਡੀ ਨੂੰ ਤੁਰਦੀ ਰੱਖਣ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਸੀਂ ਅੱਜ ਦੇ ਭਿਆਨਕ ਦੌਰ ’ਚ ਲੋਕਾਂ ਨੂੰ ਸਾਫ਼- ਸੁਥਰ ਆਰਗੈਨਿਕ ਜੂਸ ਪਿਆ ਰਹੇ ਹਾਂ। ਅੱਜ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਸਾਨੂੰ ਬਰਫ਼ ਅਤੇ ਖੰਡ ਦਾ ਇਸਤੇਮਾਲ ਹਰ ਹੀਲੇ ਘੱਟ ਕਰਨਾ ਪਵੇਗਾ। ਇਹੀ ਸੋਚ ਲੈ ਕੇ ਉਹ ਲੋਕਾਂ ਨੂੰ ਗੰਨੇ ਦਾ ਜੂਸ ਬਰਫ਼ ਤੇ ਖੰਡ ਤੋਂ ਰਹਿਤ ਦੇ ਰਹੇ ਹਨ। ਉਨ੍ਹਾਂ ਦੇ ਉਪਰਾਲੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਤੇ ਹੁਲਾਰਾ ਮਿਲ ਰਿਹਾ ਹੈ। ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਉਹ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ।

ਆਰਗੈਨਿਕ ਗੰਨੇ ਦੇ ਜੂਸ ਦੇ ਨਾਲ- ਨਾਲ ਉਨ੍ਹਾਂ ਵੱਲੋਂ ਤਿਆਰ ਕੀਤਾ ਜਾਂਦਾ ਮੈਂਗੋਂ ਕੇਨ, ਬਨਾਨਾ ਕੇਨ ਅਤੇ ਚੀਕੂ ਕੇਨ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸਾਰਾ ਦਿਨ ਲੋਕ ਜਿੱਥੇ ਗੰਨੇ ਦਾ ਜੂਸ ਖ਼ੁਦ ਪੀਂਦੇ ਅਤੇ ਆਪਣੇ ਪਰਿਵਾਰਕ ਮੈਬਰਾਂ ਲਈ ਘਰ ਲੈ ਕੇ ਜਾਂਦੇ ਹਨ, ਉੱਥੇ ਹੀ ਉਕਤ ਤਿੰਨੇ ‘ਕੇਨ’ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ। ਚੰਗੀ ਸੋਚ ਨੂੰ ਪ੍ਰਣਾਏ ਇਨ੍ਹਾਂ ਨੌਜਵਾਨਾਂ ਵੱਲੋਂ ਮਿਲਾਵਟ ਰਹਿਤ ਆਰਗੈਨਿਕ ਆਟਾ, ਬਾਸਮਤੀ ਚੌਲ, ਸਰੋ੍ਹਂ ਦਾ ਤੇਲ ਤੇ ਵੱਖ- ਵੱਖ ਤਰ੍ਹਾਂ ਦੀਆਂ ਦਾਲਾਂ ਵੀ ਲੋਕਾਂ ਨੂੰ ਵਾਜਿਬ ਕੀਮਤ ਉੱਪਰ ਦਿੱਤੀਆਂ ਜਾ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਪੜ੍ਹੇ-ਲਿਖੇ ਤੇ ਲੋਕਾਂ ਦੀਆਂ ਦੁੱਖ- ਤਕਲੀਫ਼ਾਂ ਨੂੰ ਮਹਿਸੂਸ ਕਰਨ ਦੀ ਸੋਝੀ ਰੱਖਦੇ ਹੋਣ ਕਰਕੇ ਇਮਾਨਦਾਰੀ ਦਾ ਪੱਲਾ ਫੜ ਕੇ ਮਿਲਾਵਟ ਤੋਂ ਬਗ਼ੈਰ ਚੰਗੀ ਤੇ ਖ਼ਾਲਸ ਚੀਜ਼ ਵੇਚ ਕੇ ਲੋਕਾਂ ਦੀਆਂ ਦੁਆਵਾਂ ਬਟੋਰ ਰਹੇ ਹਨ ਕਿਉਂਕਿ ਹਰ ਪਾਸੇ ਬੇਈਮਾਨੀ ਤੇ ਮਿਲਾਵਟਖੋਰੀ ਦਾ ਮਹਿੰਗਾ ਸਮਾਜ ਪੈਦਾ ਹੋ ਗਿਆ ਹੈ।

ਕੋਵਿਡ-19 ਦੀ ਦਸਤਕ ਨੇ ਜਿੱਥੇ ਲੋਕਾਂ ਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਵੱਲ ਮੋੜਿਆ ਹੈ, ਉੱਥੇ ਹੀ ਵਿਹਲੇਪਣ ਤੋਂ ਤੰਗ ਲੋਕ ਆਪਣੇ ਆਪ ਨੂੰ ਰੁਝੇਵੇਂ ਲਾਈ ਰੱਖਣ ਵਿਚ ਯਕੀਨ ਰੱਖਣ ਲੱਗੇ ਹਨ। ਕੋਰੋਨਾ ਨੇ ਲੋਕਾਂ ਨੂੰ ਆਰਗੈਨਿਕ ਚੀਜ਼ਾਂ ਦੀ ਅਹਿਮੀਅਤ ਦੱਸ ਦਿੱਤੀ ਹੈ। ਫਰਿੱਜ ਦਾ ਪਾਣੀ ਪੀਣ ਦੇ ਸ਼ੌਕੀਨ ਘੜਿਆਂ ਦੇ ਪਾਣੀ ’ਤੇ ਮਾਣ ਮਹਿਸੂਸ ਕਰਨ ਲੱਗੇ ਹਨ। ਇਸੇ ਕਰਕੇ ਉਕਤ ਨੌਜਵਾਨਾਂ ਦੇ ਜੂਸ’ ਦਾ ਦੂਰ-ਦੁਰਾਡਿਆਂ ਤਕ ਜ਼ਿਕਰ ਛਿੜ ਪਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran