ਨਹੀਂ ਸਾੜੀ ਪਰਾਲੀ ਜਾਂ ਨਾੜ, ਹੁਣ ਵੱਧ ਨਿਕਲਦੈ ਝਾੜ

October 28 2020

ਬਲਿਹਾਰੀ ਕੁਦਰਤ ਵਸਿਆ ਦੇ ਫ਼ਲਸਫ਼ੇ ਤੇ ਚੱਲਦਿਆਂ ਬਟਾਲਾ ਨੇੜਲੇ ਪਿੰਡ ਪੰਜਗਰਾਈਆਂ ਦੇ ਕਿਸਾਨ ਕੰਵਲਜੀਤ ਸਿੰਘ ਲਾਲੀ ਨੇ ਪਿਛਲੇ ਪੰਜ ਸਾਲ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਾਏ ਖੇਤੀ ਕੀਤੀ ਹੈ। ਕੰਵਲਜੀਤ ਸਿੰਘ ਦੇ ਇਸ ਯਤਨ ਨਾਲ ਜਿੱਥੇ ਚੌਗਿਰਦਾ ਪ੍ਰਦੂਸ਼ਤ ਹੋਣ ਤੋਂ ਬਚਿਆ ਹੈ ਓਥੇ ਉਸ ਦੀਆਂ ਫ਼ਸਲਾਂ ਦਾ ਝਾੜ ਪਹਿਲਾਂ ਨਾਲੋਂ ਕਿਤੇ ਵੱਧ ਨਿਕਲਿਆ ਹੈ।

ਕਿਸਾਨ ਕੰਵਲਜੀਤ ਸਿੰਘ ਲਾਲੀ ਕੋਲ ਪਿੰਡ ਪੰਜਗਰਾਈਆਂ ਵਿਚ 20 ਏਕੜ ਵਿਚ ਖੇਤੀ ਹੈ। ਇਸ ਵਾਰ ਸਾਉਣੀ ਦੀ ਫ਼ਸਲ ਵਿਚ ਉਸ ਨੇ 13 ਏਕੜ ਪਰਮਲ, 2 ਏਕੜ ਬਾਸਮਤੀ, ਡੇਢ ਕਿੱਲਾ ਮੱਕੀ, 3 ਏਕੜ ਕਮਾਦ ਤੇ ਕੁਝ ਰਕਬਾ ਹਰਾ ਚਾਰਾ ਬੀਜਿਆ ਸੀ। ਪਾਣੀ ਬਚਾਉਣ ਦਾ ਤਜਰਬਾ ਕਰਦਿਆਂ ਉਸ ਵੱਲੋਂ ਡੇਢ ਏਕੜ ਕਮਾਦ ਤੁਪਕਾ ਸਿੰਚਾਈ ਤਕਨੀਕ ਨਾਲ ਬੀਜਿਆ ਗਿਆ ਹੈ। ਕਿਸਾਨ ਕੰਵਲਜੀਤ ਸਿੰਘ ਲਾਲੀ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਦੀ ਸਲਾਹ ਤੇ ਅਮਲ ਕਰਦਿਆਂ 5 ਸਾਲ ਪਹਿਲਾਂ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਤੌਬਾ ਕਰ ਲਈ ਸੀ। ਉਹ ਹਰ ਸਾਲ ਨਾੜ ਤੇ ਪਰਾਲੀ ਨੂੰ ਬਿਨਾਂ ਅੱਗ ਲਾਏ ਅਗਲੀਆਂ ਫ਼ਸਲਾਂ ਦੀ ਬਿਜਾਈ ਕਰਦਾ ਹੈ।

ਕਿਸਾਨ ਨੇ ਪਿੰਡ ਤੇ ਇਲਾਕੇ ਦੇ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਕਿਸਾਨ ਸੈਲਫ ਹੈਲਪ ਗਰੁੱਪ ਬਣਾਇਆ ਹੈ। ਇਸ ਗਰੁੱਪ ਰਾਹੀਂ ਉਨ੍ਹਾਂ ਨੇ ਸੂਬਾ ਸਰਕਾਰ ਕੋਲੋਂ ਸਬਸਿਡੀ ਉੱਪਰ ਖੇਤੀ ਸੰਦ ਲੈ ਕੇ ਖੇਤੀ ਸੰਦ ਬੈਂਕ ਸਥਾਪਤ ਕੀਤਾ ਹੈ। ਇਸ ਖੇਤੀ ਸੰਦ ਬੈਂਕ ਵਿਚ ਉਨ੍ਹਾਂ ਕੋਲ ਮਲਚਰ, ਹੈਪੀਸੀਡਰ, ਜ਼ੀਰੋ ਡਰਿੱਲ ਤੇ ਚੌਪਰ ਆਦਿ ਮੌਜੂਦ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਜਿੱਥੇ ਗਰੁੱਪ ਦੇ ਮੈਂਬਰ ਕਿਸਾਨ ਖੇਤਾਂ ਵਿਚ ਕਰਦੇ ਹਨ ਓਥੇ ਦੂਜੇ ਕਿਸਾਨ ਸਹਿਕਾਰੀ ਸਭਾਵਾਂ ਵਲੋਂ ਨਿਰਧਾਰਤ ਰੇਟਾਂ ਤਹਿਤ ਇਨ੍ਹਾਂ ਖੇਤੀ ਸੰਦਾਂ ਨੂੰ ਕਿਰਾਏ ਉੱਪਰ ਲਿਜਾ ਕੇ ਵਰਤ ਰਹੇ ਹਨ।

ਖੇਤੀ ਮਸ਼ੀਨਰੀ ਬੈਂਕ ਸਥਾਪਤ ਕਰਨ ਬਦਲੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਕੰਵਲਜੀਤ ਸਿੰਘ ਨੂੰ ਸਨਮਾਨਤ ਕੀਤਾ ਜਾ ਚੁੱਕਾ ਹੈ। ਕਿਸਾਨ ਕੰਵਲਜੀਤ ਸਿੰਘ ਪੰਜਗਰਾਈਆਂ ਨੇ ਦੱਸਿਆ ਕਿ ਪਿਛਲੀ ਵਾਰ ਉਸ ਨੇ ਕੰਬਾਇਨ ਰਾਹੀਂ ਝੋਨਾ ਵਢਾ ਕੇ ਪਹਿਲਾਂ ਮਲਚਰ ਨਾਲ ਪਰਾਲੀ ਨੂੰ ਕੁਤਰਾ ਕਰ ਦਿੱਤਾ ਸੀ ਤੇ ਬਾਅਦ ਵਿਚ ਜ਼ੀਰੋ ਡਰਿੱਲ ਕਣਕ ਦੀ ਬਿਜਾਈ ਕਰ ਦਿੱਤੀ ਸੀ। ਉਸ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਉਸ ਦੀ ਕਣਕ ਦੀ ਫ਼ਸਲ ਵਿਚ ਕੋਈ ਨਦੀਨ ਨਹੀਂ ਹੋਇਆ ਸੀ ਤੇ ਝਾੜ ਪਹਿਲਾਂ ਦੇ ਮੁਕਾਬਲੇ ਵੱਧ ਨਿਕਲਿਆ ਸੀ। ਉਸ ਨੇ ਦੱਸਿਆ ਕਿ ਇਸ ਸਾਲ ਵੀ ਉਹ ਪਰਾਲੀ ਨੂੰ ਅੱਗ ਲਾਏ ਬਗੈਰ ਮਲਚਰ ਤੇ ਡਰਿੱਲ ਦੀ ਮਦਦ ਨਾਲ ਕਣਕ ਦੀ ਬਿਜਾਈ ਕਰੇਗਾ। ਦੂਜੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਉਸ ਨੇ ਕਿਹਾ ਕਿ ਕੋਈ ਚਾਹੇ ਤਾਂ ਉਸ ਦੀ ਖੇਤੀ ਮਸ਼ੀਨਰੀ ਵੇਖ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran