ਨਵੇਂ ਖੇਤੀ ਕਾਨੂੰਨਾਂ ਦੀ ਪਹਿਲੀ ਮਾਰ, ਬੇਕਾਬੂ ਹੋਇਆ ਪਿਆਜ਼, ਕੀਮਤਾਂ ਘਟਣ ਦੀ ਨਹੀਂ ਉਮੀਦ

October 22 2020

ਦੇਸ਼ ਵਿੱਚ ਪਿਆਜ਼ ਦੀ ਵੱਧ ਰਹੀ ਕੀਮਤ ਰੁਕਣ ਦਾ ਨਾਂ ਨਹੀਂ ਲੈ ਰਹੀ। ਸਰਕਾਰ ਵੱਲੋਂ ਪਿਆਜ਼ ਦੇ ਨਿਰਯਾਤ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਇਸ ਦੀਆਂ ਕੀਮਤਾਂ ਕੰਟਰੋਲ ‘ਚ ਨਹੀਂ ਹਨ। ਆਲਮ ਇਹ ਹੈ ਕਿ ਦੇਸ਼ ਵਿੱਚ ਇਸ ਦੀ ਕੀਮਤ 70 ਤੋਂ ਪਾਰ ਪਹੁੰਚ ਗਈ ਹੈ। ਸਮਾਚਾਰ ਏਜੰਸੀ ਪੀਟੀਆਈ-ਭਾਸਾ ਮੁਤਾਬਕ ਮੰਗਲਵਾਰ ਨੂੰ ਚੇਨਈ ਦੇ ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ 73 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ।

ਉਧਰ, ਦਿੱਲੀ, ਮੁੰਬਈ ਵਰਗੇ ਮਹਾਂਨਗਰਾਂ ਵਿੱਚ ਪਿਆਜ਼ ਦੀ ਸਭ ਤੋਂ ਉੱਚੀਆਂ ਕੀਮਤਾਂ ਤੇ ਵਿੱਕ ਰਿਹਾ ਹੈ। ਕੇਂਦਰੀ ਖਪਤਕਾਰ ਮਾਮਲੇ ਮੰਤਰਾਲੇ ਨੇ ਇਸ ਸਬੰਧੀ ਅੰਕੜੇ ਜਾਰੀ ਕੀਤੇ ਹਨ। ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਉਤਪਾਦਕ ਖੇਤਰਾਂ ਵਿੱਚ ਮੀਂਹ ਪੈਣ ਕਾਰਨ ਸਪਲਾਈ ਵਿੱਚ ਵਿਘਨ ਪੈਣਾ ਹੈ। ਦੱਸ ਦਈਏ ਕਿ ਦੇਸ਼ ਚ ਨਵਰਾਤਰੇ ਦਾ ਤਿਓਹਾਰ ਦੇ ਬਾਵਜੂਦ ਵੀ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਮੌਸਮ ਦੀ ਮਾਰ ਹੋ ਸਕਦਾ ਮੁੱਖ ਕਾਰਨ:

ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ ਤੇ ਰਾਜਸਥਾਨ ਪਿਆਜ਼ ਦੇ ਪ੍ਰਮੁੱਖ ਉਤਪਾਦਕ ਸੂਬੇ ਹਨ। ਇਸ ਸਾਲ ਚਾਰ ਵੱਡੇ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਬਿਹਾਰ ਹੜ੍ਹਾਂ ਦਾ ਸ਼ਿਕਾਰ ਹੋਏ ਹਨ। ਜਦੋਂਕਿ ਭਾਰੀ ਬਾਰਸ਼ ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਯੂਪੀ ਆਦਿ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾਈ। ਇਸ ਕਾਰਨ ਪਿਆਜ਼ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਥਿਤੀ ਵਿੱਚ ਪਿਆਜ਼ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਇਸ ਦੇ ਨਾਲ ਹੀ ਖੇਤੀ ਮਾਹਰ ਬਿਨੋਦ ਆਨੰਦ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਵੱਡਾ ਕਾਰਨ ਫਸਲਾਂ ਦਾ ਖ਼ਰਾਬ ਹੋਣਾ ਹੈ। ਇਸ ਸਮੇਂ ਬਾਜ਼ਾਰ ਵਿੱਚ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਸਾਉਣੀ ਪਿਆਜ਼ ਆਉਂਦੇ ਸੀ ਪਰ ਇਨ੍ਹਾਂ ਸੂਬਿਆਂ ਵਿੱਚ ਭਾਰੀ ਬਾਰਸ਼ ਕਾਰਨ 40-45 ਪ੍ਰਤੀਸ਼ਤ ਫਸਲ ਨੂੰ ਨੁਕਸਾਨ ਪਹੁੰਚਿਆ। ਆਮ ਤੌਰ ਤੇ ਨਵਰਾਤਰੀ ਵਿੱਚ ਪਿਆਜ਼ ਦੀ ਖਪਤ ਘੱਟ ਜਾਂਦੀ ਹੈ, ਇਸ ਲਈ ਰੇਟ ਘੱਟ ਜਾਂਦਾ ਹੈ, ਪਰ ਇਸ ਵਾਰ ਮੰਗ ਵਧ ਰਹੀ ਹੈ। ਜੇ ਸਥਿਤੀ ਇਹੀ ਰਹੀ ਤਾਂ ਪਿਆਜ਼ ਇਸ ਸਾਲ ਸਸਤਾ ਨਹੀਂ ਹੋਏਗਾ।

ਦੂਜਾ ਵੱਡਾ ਕਾਰਨ ਜਮ੍ਹਾਂਖੋਰੀ:

ਬਿਨੋਦ ਆਨੰਦ ਦਾ ਕਹਿਣਾ ਹੈ ਕਿ ਮੌਸਮ ਦੇ ਮੱਦੇਨਜ਼ਰ ਵਪਾਰੀਆਂ ਨੇ ਪਿਆਜ਼ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਜ਼ਰੂਰੀ ਚੀਜ਼ਾਂ ਐਕਟ ਵਿੱਚ ਸੋਧ ਤੋਂ ਬਾਅਦ ਹੁਣ ਜਮ੍ਹਾਂਖੋਰੀ ਲਾਇਸੈਂਸੀ ਹੋ ਗਈ ਹੈ। ਪਿਛਲੇ ਸਾਲ 29 ਸਤੰਬਰ ਨੂੰ ਥੋਕ ਵਿਕਰੇਤਾਵਾਂ ਲਈ 50 ਮੀਟ੍ਰਿਕ ਟਨ ਤੇ ਪ੍ਰਚੂਨ ਲਈ 10 ਮੀਟ੍ਰਿਕ ਟਨ ਸਟਾਕ ਤੈਅ ਕੀਤਾ ਗਿਆ ਸੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live