ਧਾਰਾ 370 ਤੇ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ

October 24 2020

ਬਿਹਾਰ ’ਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਜੇਡੀ ਦੇ 15 ਸਾਲ ਦੇ ਰਾਜ ਦੌਰਾਨ ਅਪਰਾਧ ਅਤੇ ਲੁੱਟ ਦਾ ਜ਼ਿਕਰ ਕੀਤਾ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ ਉਹ ਜੰਮੂ ਕਸ਼ਮੀਰ ’ਚ ਧਾਰਾ 370 ਦੀ ਬਹਾਲੀ ਦੀ ਮੰਗ ਕਰਕੇ ਬਿਹਾਰ ’ਚ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ। ਸ੍ਰੀ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਐੱਨਡੀਏ ਸਰਕਾਰ ਲਈ ਵੋਟਾਂ ਮੰਗਦਿਆਂ ਕਿਹਾ ਕਿ ਉਹ ਜਨਤਾ ਦਲ (ਯੂ) ਦੇ ਪ੍ਰਧਾਨ ਨਾਲ ਪਿਛਲੇ ਤਿੰਨ-ਚਾਰ ਸਾਲ ਤੋਂ ਹੀ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਦੌਰਾਨ ਸੂਬੇ ’ਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਗਲਵਾਨ ਘਾਟੀ ’ਚ ਬਿਹਾਰ ਸਮੇਤ ਹੋਰ ਜਵਾਨਾਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਰੋਧੀ ਧਿਰ ਨੂੰ ਘੇਰਿਆ। ਉਨ੍ਹਾਂ ਕਿਹਾ,‘‘ਉਹ ਆਖ ਰਹੇ ਹਨ ਕਿ ਜੇਕਰ ਉਹ ਸੱਤਾ ’ਚ ਆਏ ਤਾਂ ਧਾਰਾ 370 ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਦਾ ਦੁਸਾਹਸ ਦੇਖੋ, ਉਹ ਫਿਰ ਵੀ ਬਿਹਾਰ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਕੀ ਇਹ ਬਿਹਾਰ ਦੀਆਂ ਭਾਵਨਾਵਾਂ ਦਾ ਅਪਮਾਨ ਨਹੀਂ ਹੈ ਜੋ ਮੁਲਕ ਦੀ ਰਾਖੀ ਲਈ ਆਪਣੇ ਧੀਆਂ-ਪੁੱਤਰਾਂ ਨੂੰ ਸਰਹੱਦਾਂ ’ਤੇ ਭੇਜਦਾ ਹੈ?’’ ਉਨ੍ਹਾਂ ਕਿਹਾ ਕਿ ਬਿਹਾਰ ਦੇ ਫ਼ੌਜੀ ਪੁਲਵਾਮਾ ਹਮਲੇ ’ਚ ਵੀ ਸ਼ਹੀਦ ਹੋਏ ਸਨ। ਸ੍ਰੀ ਮੋਦੀ ਨੇ ਕਿਹਾ ਕਿ ‘ਡਬਲ ਇੰਜਣ’ ਵਾਲੀ ਸਰਕਾਰ ਬਿਹਾਰ ਦੇ ਵਿਕਾਸ ਨੂੰ ਤੇਜ਼ੀ ਨਾਲ ਯਕੀਨੀ ਬਣਾਏਗੀ। ਉਨ੍ਹਾਂ ਦਾ ਇਸ਼ਾਰਾ ਕੇਂਦਰ ਅਤੇ ਸੂਬੇ ’ਚ ਐੱਨਡੀਏ ਸਰਕਾਰ ਤੋਂ ਸੀ।

ਕਿਸੇ ਵੀ ਵਿਰੋਧੀ ਧਿਰ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਖੇਤੀ ਸੁਧਾਰ ਕਾਨੂੰਨਾਂ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਸਿਰਫ਼ ਵਿਚੋਲਿਆਂ ਅਤੇ ਦਲਾਲਾਂ ਨੂੰ ਬਚਾਉਣ ਲਈ ਹਨ। ਉਨ੍ਹਾਂ ਕਿਹਾ ਕਿ ਰਾਫ਼ਾਲ ਜੈੱਟ ਦੀ ਖ਼ਰੀਦ ਵੇਲੇ ਵੀ ਵਿਰੋਧੀ ਧਿਰ ਨੇ ਵਿਚੋਲਿਆਂ ਅਤੇ ਦਲਾਲਾਂ ਦੀ ਭਾਸ਼ਾ ਬੋਲੀ ਸੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਬਿਹਾਰ ਦੇ ਲੋਕ ‘ਲਾਲਟੈਨ’ ਯੁੱਗ ਨੂੰ ਨਹੀਂ ਭੁਲਾ ਸਕਦੇ ਹਨ, ਜਦੋਂ ਹਨੇਰਾ ਹੁੰਦੇ ਸਾਰ ਸਾਰਾ ਬਿਹਾਰ ਬੰਦ ਹੋ ਜਾਂਦਾ ਸੀ। ਅੱਜ ਸੜਕਾਂ, ਬਿਜਲੀ ਅਤੇ ਹੋਰ ਵਿਕਾਸ ਦੇ ਕੰਮ ਨਜ਼ਰ ਆਉਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਅੱਜ ਸੂਬੇ ’ਚ ਬਿਨਾਂ ਕਿਸੇ ਡਰ ਦੇ ਰਹਿ ਸਕਦਾ ਹੈ।’’ ਉਨ੍ਹਾਂ ਲੋਕ ਜਨਸ਼ਕਤੀ ਪਾਰਟੀ ਦੇ ਮੋਢੀ ਰਾਮ ਵਿਲਾਸ ਪਾਸਵਾਨ ਅਤੇ ਆਰਜੇਡੀ ਦੇ ਸਾਬਕਾ ਆਗੂ ਰਘੂਵੰਸ਼ ਪ੍ਰਸਾਦ ਸਿੰਘ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune