ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਪਿੰਡਾਂ ਵਿੱਚ ਲਾਮਬੰਦੀ

January 30 2021

ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਸਿੰਘੂ ਹੱਦ ’ਤੇ ਡਟੇ ਯੂਥ ਕਿਸਾਨ ਮੋਰਚਾ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ ਦੇ ਸੱਦੇ ’ਤੇ ਅੱਜ ਪਾਇਲ ਤੋਂ ਵੱਖ-ਵੱਖ ਪਿੰਡਾਂ ਘੁਡਾਣੀ, ਧਮੋਟ, ਅਲੂਣਾ, ਜੰਡਾਲੀ, ਨਸਰਾਲੀ, ਚੀਮਾ ਕਰੌਦੀਆਂ ਅਤੇ ਨਵਾਂ ਪਿੰਡ ਵਿੱਚ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮਾਰਚ ਦੌਰਾਨ ਟਰੈਕਟਰਾਂ ’ਤੇ ਸਪੀਕਰ ਬੰਨ੍ਹ ਕੇ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰਦਿਆਂ ਖੁਸ਼ਵੰਤ ਸਿੰਘ ਨਵਾਂਪਿੰਡ, ਤੇਜਪਾਲ ਸਿੰਘ ਤੇਜੀ ਅਤੇ ਹਰਚੰਦ ਸਿੰਘ ਪਾਇਲ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਕੇਂਦਰ ਸਰਕਾਰ ਨੇ ਗੋਦੀ ਮੀਡੀਆ ਰਾਹੀਂ ਸਾਜ਼ਿਸ਼ ਤਹਿਤ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮੋਰਚਾ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੀਮਤ ਸੀ ਪਰ ਹੁਣ ਇਹ ਪੰਜਾਬੀਆਂ ਦੀ ਅਣਖ ਤੇ ਗੈਰਤ ਦਾ ਸਵਾਲ ਬਣ ਚੁੱਕਾ ਹੈ। ਇਸ ਦੌਰਾਨ ਕਿਸਾਨ ਨੌਜਵਾਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਜਾਣ ਦੀ ਅਪੀਲ ਕੀਤੀ ਤਾਂ ਕਿ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਫੇਲ੍ਹ ਕੀਤਾ ਜਾ ਸਕੇ। ਮਾਰਚ ਵਿੱਚ ਸ਼ਾਮਲ ਕਿਸਾਨਾਂ ਤੇ ਨੌਜਵਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੱਜ ਤੋਂ ਹਲਕਾ ਪਾਇਲ ਦੇ ਵੱਖ-ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਰਾਹੀਂ ਹਲੂਣਾ ਦੇ ਕੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਦਿੱਲੀ ਮੋਰਚੇ ਦੀ ਪਰੇਡ ਮੌਕੇ ਹੋਈ ਗੜਬੜ ਦੀਆਂ ਪਰਤਾਂ ਖੋਲ੍ਹਣ ਲਈ ਅੱਜ ਦੋਰਾਹਾ ਅਤੇ ਮਲੌਦ ਬਲਾਕ ਦੇ ਪਿੰਡਾਂ ਦੀ ਮੀਟਿੰਗ ਦਾਣਾ ਮੰਡੀ ਮਲੌਦ ਵਿੱਚ ਹੋਈ, ਜਿਸ ਵਿੱਚ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਬੀਕੇਯੂ ਆਗੂ ਪਰਮਵੀਰ ਸਿੰਘ ਘਲੋਟੀ ਨੇ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਲੜੇ ਜਾ ਰਹੇ ਘੋਲ ਦੇ ਇਤਿਹਾਸ ’ਤੇ ਚਾਨਣਾ ਪਾਇਆ। ਬਲਵੰਤ ਸਿੰਘ ਘੁਡਾਣੀ ਨੇ ਦਿੱਲੀ ਟਰੈਕਟਰ ਪਰੇਡ ਵਿੱਚ ਹਿੰਸਾ ਅਤੇ ਗੈਰ-ਜਮਹੂਰੀਅਤ ਅਮਲ ਦੀ ਨਿੰਦਾ ਕਰਦੇ ਹੋਏ ਭਾਜਪਾ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਸੰਘਰਸ਼ ਦਾ ਹਿੱਸਾ ਬਣਨ ਤਾਂ ਜੋ ਗ੍ਰਿਫਤਾਰ ਕੀਤੇ ਕਿਸਾਨ ਅਤੇ ਟਰੈਕਟਰ ਤੁਰੰਤ ਰਿਹਾਅ ਕਰਵਾਏ ਜਾਣ।

ਦਿੱਲੀ ਦੀਆਂ ਹੱਦਾਂ ’ਤੇ ਕਿਸਾਨੀ ਮੋਰਚਿਆਂ ਲਈ ਹੋਰ ਜਥੇ ਤੋਰਨ ਵਾਸਤੇ ਪਿੰਡਾਂ ਦੇ ਗੁਰੂ-ਘਰਾਂ ਵਿਚ ਕਿਸਾਨਾਂ ਨੇ ਮੁੜ ਸਿਰ ਜੋੜੇ ਹਨ। ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਸਰਕਾਰੀ ਮਨਸੂਬਿਆਂ ਵਿਰੁੱਧ ਵਧੇਰੇ ਸ਼ਿੱਦਤ ਨਾਲ ਲਾਮਬੰਦੀ ਦੇ ਫ਼ੈਸਲੇ ਵੀ ਕੀਤੇ ਗਏ। ਪਿੰਡ ਸੁਧਾਰ ਦੇ ਗੁਰੂ ਘਰ ਵਿਚ ਕਿਸਾਨਾਂ ਨੇ ਮੀਟਿੰਗ ਕਰ ਕੇ ਕਿਸਾਨੀ ਘੋਲ ਵਿਰੁੱਧ ਜ਼ਹਿਰ ਉਗਲ਼ਣ ਵਾਲੇ ਟੀ.ਵੀ ਚੈਨਲਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ ਅਤੇ 30 ਜਨਵਰੀ ਨੂੰ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ’ਤੇ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਰਪੰਚ ਹਰਮਿੰਦਰ ਸਿੰਘ ਗਿੱਲ, ਸਹਿਕਾਰੀ ਸਭਾ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ ਤੇ ਸਾਬਕਾ ਸਰਪੰਚ ਹਰਨੇਕ ਸਿੰਘ ਦੀ ਅਗਵਾਈ ਵਿਚ ਇੱਕ ਸਥਾਈ ਕਮੇਟੀ ਬਣਾਈ ਗਈ।

ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿੰਦਾ

ਬਾਰ ਐਸੋਸੀਏਸ਼ਨ ਸਮਰਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਕੇਂਦਰ ਸਰਕਾਰ ਵੱਲੋਂ ਗਲਤ ਰੰਗਤ ਦੇਣ, ਜਾਣ-ਬੁੱਝ ਕੇ ਆਪਣੀਆਂ ਗਲਤੀਆਂ ਲੁਕਾਉਣ ਅਤੇ ਕਿਸਾਨਾਂ ਆਗੂਆਂ ’ਤੇ ਪਰਚੇ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਬਾਰ ਦੇ ਮੈਂਬਰਾਂ ਨੇ ਗੈਰ ਕਾਨੂੰਨੀ ਅਨਸਰਾਂ ਵੱਲੋਂ ਕੀਤੀ ਸ਼ਰਮਨਾਕ ਹਰਕਤ ਦੀ ਵੀ ਨਿੰਦਾ ਕੀਤੀ। ਮੀਟਿੰਗ ਵਿਚ ਹਾਜ਼ਰ ਵਿਪਨ ਖੇੜਾ ਸੈਕਟਰੀ, ਐਨ.ਕੇ. ਸ਼ਰਮਾ, ਹੇਮ ਰਾਜ ਕੱਕੜ ਮੈਂਬਰ, ਐਸ.ਐਸ. ਸੇਖੋਂ ਤੇ ਕੇ.ਸੀ.ਕਪੂਰ ਅਤੇ ਰਵੀ ਸੋਫਤ ਸਣੇ ਸਾਰੇ ਹੀ ਵਕੀਲਾਂ ਨੇ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ।

ਇਥੇ ਐੱਮ.ਸੀ.ਪੀ.ਆਈ (ਯੂ) ਦੇ ਮੈਂਬਰਾਂ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ’ਤੇ ਦੁੱਖ ਪ੍ਰਗਟ ਕਰਦਿਆਂ ਪੁਲੀਸ ਤੇ ਖੁਫ਼ੀਆ ਏਜੰਸੀਆਂ ਦੀ ਅਣਦੇਖੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਕੁਲਦੀਪ ਸਿੰਘ ਅਤੇ ਪਵਨ ਕੁਮਾਰ ਨੇ ਦਿੱਲੀ ’ਚ ਭੜਕੀ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸਭ ਕੁਝ ਏਜੰਸੀਆਂ ਦੀ ਸਾਜ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune