ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ; ਸੀਸੀਐੱਲ ਦੀ ਉਡੀਕ

October 01 2019

ਮੀਂਹ ਪੈਣ ਕਾਰਨ ਆਮਦ ਵਿਚ ਦੇਰੀ ਦੇ ਆਸਾਰ; 125 ਮੰਡੀਆਂ ’ਚ ਨਹੀਂ ਹੋਵੇਗੀ ਖ਼ਰੀਦ

ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਪਰ ਇਸ ਵਾਰ 1835 ਮੰਡੀਆਂ ਦੀ ਬਜਾਏ 1710 ਮੰਡੀਆਂ ਵਿਚ ਝੋਨੇ ਦੀ ਖਰੀਦ ਕੀਤੀ ਜਾਵੇਗੀ। ਸਵਾ ਸੌ ਮੰਡੀਆਂ ਵਿਚ ਖਰੀਦ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ ਚਾਰ ਸੀਜ਼ਨਾਂ ਤੋਂ ਇਨ੍ਹਾਂ ਮੰਡੀਆਂ ਵਿਚ ਝੋਨੇ ਦੀ ਆਮਦ ਨਹੀਂ ਹੋਈ ਹੈ। ਸੂਬੇ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਇਕ ਹਫ਼ਤੇ ਵਿਚ ਸੀਸੀਐੱਲ ਆ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਕੀਤੀ ਜਾ ਸਕੇਗੀ।

ਪਿਛਲੇ ਚਾਰ-ਪੰਜ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਵਾਰ-ਵਾਰ ਮੀਂਹ ਪੈਣ ਕਰਕੇ ਸਰਕਾਰੀ ਖਰੀਦ ਸ਼ੁਰੂ ਹੋਣ ਵਿਚ ਲਗਭਗ ਹਫ਼ਤੇ ਦੀ ਦੇਰੀ ਹੋਣ ਦੇ ਆਸਾਰ ਹਨ ਪਰ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਕਟਾਈ ਕਰਕੇ ਘਰਾਂ ਜਾਂ ਹੋਰ ਥਾਵਾਂ ’ਤੇ ਝੋਨਾ ਰੱਖਿਆ ਹੋਇਆ ਹੈ, ਉਹ ਪਹਿਲੀ ਅਕਤੂਬਰ ਤੋਂ ਮੰਡੀਆਂ ਵਿਚ ਆ ਜਾਵੇਗਾ। ਖੁਰਾਕ ਤੇ ਸਪਲਾਈ ਵਿਭਾਗ ਨੇ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵੱਧ ਨਮੀ ਵਾਲਾ ਝੋਨਾ ਲੈ ਕੇ ਨਾ ਆਉਣ। ਖੁਰਾਕ ਤੇ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿਤਰਾ ਨੇ ਦੱਸਿਆ ਕਿ ਕਿਸਾਨਾਂ ਦੀ ਸਾਰੀ ਫ਼ਸਲ ਚੁੱਕੀ ਜਾਵੇਗੀ।

ਆੜ੍ਹਤੀ ਅੱਜ ਤੋਂ ਕਰਨਗੇ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਭਰ ਦੇ ਆੜ੍ਹਤੀ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਹਫ਼ਤੇ ਪਹਿਲਾਂ (16 ਸਤੰਬਰ) ਇਕ ਪੱਤਰ ਲਿਖ ਕੇ ਆੜ੍ਹਤੀਆਂ ਦੀ ਆੜ੍ਹਤ ਰੋਕਣ ਵਾਲੇ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਵੱਖ ਵੱਖ ਕਿਸਾਨ ਯੂਨੀਅਨਾਂ ਨੇ ਪੀ.ਐਫ.ਐਮ.ਐਸ. ਪੋਰਟਲ ਲਈ ਬੈਂਕ ਖਾਤੇ ਆੜ੍ਹਤੀਆਂ ਨੂੰ ਨਾ ਦੇਣ ਬਾਰੇ ਮਨ੍ਹਾਂ ਕਰ ਦਿੱਤਾ ਹੈ।

ਪੰਜਾਬ ਐਗਰੋ ਨਹੀਂ ਕਰੇਗੀ ਖ਼ਰੀਦ

ਭਾਰਤੀ ਖਰੀਦ ਨਿਗਮ ਕੇਵਲ ਪੰਜ ਫੀਸਦੀ ਤੇ ਪੰਜਾਬ ਦੀ ਆਪਣੀ ਖਰੀਦ ਏਜੰਸੀ ਐਗਰੋ ਖਰੀਦ ਨਹੀਂ ਕਰੇਗੀ ਤੇ ਬਾਕੀ ਝੋਨਾ ਸੂਬੇ ਦੀਆਂ ਖਰੀਦ ਏਜੰਸੀਆਂ ਖਰੀਦਣਗੀਆਂ। ਝੋਨੇ ਦੀ ਖਰੀਦ ਦਾ ਸਾਰਾ ਪ੍ਰਬੰਧ ਪਾਰਦਰਸ਼ੀ ਬਣਾ ਦਿੱਤਾ ਗਿਆ ਹੈ ਤੇ ਵਿਭਾਗ ਨੇ ਖਰੀਦ ਸਬੰਧੀ ਪੋਰਟਲ ਬਣਾਇਆ ਹੈ, ਜਿਸ ’ਤੇ ਆੜ੍ਹਤੀਆਂ ਰਾਹੀ ਕਿਸਾਨਾਂ ਨੂੰ ਅਦਾਇਗੀ ਦੀ ਨਾਲੋ-ਨਾਲ ਜਾਣਕਾਰੀ ਦਿੱਤੀ ਜਾਵੇਗੀ। ਅਦਾਇਗੀ ਪ੍ਰਕਿਰਿਆ ’ਤੇ ਵਿਭਾਗ ਨਜ਼ਰ ਰੱਖੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ