ਝੋਨੇ ਅਤੇ ਕਣਕ ਦੇ ਨਾੜ ਨੂੰ ਕਿਸਾਨ ਭੁਪਿੰਦਰ ਸਿੰਘ ਨੇ ਆਧੁਨਿਕ ਮਸ਼ੀਨਾਂ ਰਾਹੀਂ ਜ਼ਮੀਨ ਚ ਖਪਾਇਆ

September 06 2019

ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਬਦਨਪੁਰ ਦਾ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਜਿਸ ਨੇ ਪਿਛਲੇ ਸੀਜ਼ਨ ਦੌਰਾਨ ਆਪਣੇ 20 ਏਕੜ ਅਤੇ ਹੋਰਨਾਂ ਕਿਸਾਨਾਂ ਦੇ ਕਰੀਬ 400 ਏਕੜ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਖੇਤੀ ਮਸ਼ੀਨਾਂ ਰਾਹੀਂ ਜ਼ਮੀਨ ਵਿਚ ਹੀ ਖਪਾਇਆ ਹੈ, ਨੇ ਦੱਸਿਆ ਕਿ ਉਸ ਨੇ 11 ਕਿਸਾਨਾਂ ਨਾਲ ਮਿਲ ਕੇ ਸ੍ਰੀ ਧੰਨਾ ਭਗਤ ਫਾਰਮਰ ਗਰੁੱਪ ਪਿੰਡ ਘੜੂੰਆਂ ਬਣਾਇਆ ਹੈ, ਜਿਸ ਰਾਹੀਂ ਉਹ ਕਿਸਾਨਾਂ ਨੂੰ ਪਰਾਲੀ ਅਤੇ ਕਣਕ ਦੀ ਨਾੜ ਨੂੰ ਸਾੜਨ ਦੀ ਬਜਾਏ ਜ਼ਮੀਨ ਵਿਚ ਖਪਾਉਣ ਸਬੰਧੀ ਜਾਗਰੂਕ ਕਰ ਰਿਹਾ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਖਪਾਉਣ ਲਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਆਧੁਨਿਕ ਮਸ਼ੀਨਰੀ ਉਨ੍ਹਾਂ ਦੇ ਕਿਸਾਨ ਗਰੁੱਪ ਨੂੰ ਖੇਤੀਬਾੜੀ ਵਿਭਾਗ ਵਲੋਂ 80 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਕਰਨ ਨਾਲ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਸਮੇਤ ਹੋਰਨਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾਲ ਲਗਾ ਕੇ ਜ਼ਮੀਨ ਵਿਚ ਹੀ ਖਪਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਸੀਜ਼ਨ ਲਈ ਵੀ ਪਰਾਲੀ ਅਤੇ ਹੋਰਨਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਖਪਾਉਣ ਲਈ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ, ਜਿਸ ਤੇ ਵਿਭਾਗ ਵਲੋਂ ਇੰਨ ਸੀਟੂ ਕਰੋਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ 1 ਕਰੋੜ 89 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਕਤ ਸਕੀਮ ਅਧੀਨ ਹੀ ਵਿਭਾਗ ਵਲੋਂ 24 ਕਿਸਾਨ ਗਰੁੱਪਾਂ ਅਤੇ 120 ਕਿਸਾਨਾਂ ਨੂੰ ਵਿਅਕਤੀਗਤ ਤੌਰ ਤੇ ਕੁੱਲ 191 ਆਧੁਨਿਕ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਜਾਣਗੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ