ਜੱਟ ਦਾ ਸਬਜ਼ੀਆਂ ਵਾਲਾ ਟਰਾਲਾ ਬਣਿਆ ਲੋਕਾਂ ਲਈ ਖਿੱਚ ਦਾ ਕੇਂਦਰ

October 26 2020

ਪਾਇਲ-ਰਾੜਾ ਸਾਹਿਬ ਮੇਨ ਰੋਡ ਤੇ ਖੜ੍ਹਾ ਜੱਟ ਦਾ ਸਬਜ਼ੀਆਂ, ਫਰੂਟ ਤੇ ਸ਼ਹਿਦ ਵਾਲਾ ਟਰਾਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਨੂੰ ਲੰਘਣ ਵਾਲਾ ਹਰ ਰਾਹੀ ਵੇਖ ਕੇ ਹੀ ਨਹੀਂ ਲੰਘਦਾ, ਸਗੋਂ ਖਰੀਦੋ-ਫਰੌਖਤ ਵੀ ਕਰਦਾ ਹੈ।

ਕਿਸਾਨ ਬੂਟਾ ਸਿੰਘ ਗਿੱਲ ਰਾਣੋਂ ਨੇ ਦੱਸਿਆ ਕਿ ਸ਼ਹਿਦ ਦੇ ਧੰਦੇ ਦੇ ਨਾਲ-ਨਾਲ ਖੇਤ ਤੋਂ ਸਿੱਧਾ ਗਾਹਕ ਤਕ ਤਹਿਤ ਸਬਜ਼ੀਆਂ, ਫਲ਼, ਸ਼ਹਿਦ, ਮੱਕੀ ਦਾ ਆਟਾ, ਤੇਲ, ਸ਼ੱਕਰ, ਹਲਦੀ, ਦਾਲਾਂ, ਆਚਾਰ ਆਦਿ ਜ਼ਹਿਰ ਮੁਕਤ ਵਾਜਬ ਭਾਅ ਤੇ ਵੇਚਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਖਿੱਚ ਦਾ ਕੇਂਦਰ ਬਣਿਆ ਟਰਾਲਾ ਕਰੀਬ ਸਵਾ ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੈ, ਜਿਸ ਵਿਚ ਸਬਜ਼ੀਆਂ, ਫਲ਼ ਰੱਖਣ ਲਈ ਲੱਕੜ ਦੀਆਂ ਪੇਟੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪਿਆ ਤਾਜਾ ਤੇ ਸਾਫ ਸਾਮਾਨ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਉਸ ਨੇ ਕਿਹਾ ਕਿ ਕੰਮ ਕੋਈ ਵੀ ਛੋਟਾ, ਵੱਡਾ ਜਾਂ ਮਾੜਾ ਨਹੀਂ, ਲਗਨ ਹੋਣੀ ਚਾਹੀਦੀ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵਿਚ ਅਜਿਹੇ ਕੰਮ ਕਰਦੀ ਹੈ ਪਰ ਇਥੇ ਉਹ ਸ਼ਰਮ ਮਹਿਸੂਸ ਕਰਦੀ ਹੈ, ਜਦੋਂਕਿ ਆਪਣੇ ਕੰਮ ਵਿਚ ਕੋਈ ਮੇਹਣਾ ਨਹੀਂ। ਬੂਟਾ ਸਿੰਘ ਰਾਣੋਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਦੀ ਤੰਦਰੁਸਤੀ ਹੈ, ਜਦੋਂ ਉਹ ਜ਼ਹਿਰ ਮੁਕਤ ਵਸਤੂਆਂ ਖਾਣਗੇ ਤਾਂ ਉਨ੍ਹਾਂ ਦੀ ਸਿਹਤ ਵੀ ਨਿਰੋਗ ਰਹੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran