ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰੋਸ ਮਾਰਚ

March 05 2021

ਅੱਜ ਦਿੜ੍ਹਬਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਔਰਤਾਂ ਦੀ ਅਗਵਾਈ ਹੇਠ ਕਿਸਾਨ ਔਰਤਾਂ ਵੱਲੋਂ ਦਿੜ੍ਹਬਾ ਅਤੇ ਬਲਾਕ ਦੇ ਪਿੰਡਾਂ ਵਿੱਚ ਸੈਂਕੜੇ ਟਰੈਕਟਰਾਂ ਰਾਹੀ ਟਰੈਕਰਰ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਜਥੇਦਾਰ ਹਰਬੰਸ ਸਿੰਘ ਦਿੜ੍ਹਬਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਰਾਜਿੰਦਰ ਕੌਰ ਦਿੜ੍ਹਬਾ, ਜਸਵਿੰਦਰ ਕੌਰ ਖਨਾਲਖੁਰਦ, ਅੰਮ੍ਰਿਤਪਾਲ ਕੌਰ ਮੌੜਾਂ, ਧੰਨਾ ਸਿੰਘ ਦਿੜ੍ਹਬਾ ਆਦਿ ਹਾਜ਼ਰ ਸਨ। ਕਿਸਾਨ ਆਗੂ ਦਰਸਨ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਔਰਤਾਂ ਵੱਲੋਂ ਹੀ 8 ਮਾਰਚ ਨੂੰ ਵਿਸ਼ਵ ਔਰਤ ਦਿਵਸ ਨੂੰ ਮੁੱਖ ਰੱਖ ਕੇ ਦਿੱਲੀ ਵਿਖੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ, ਜਿਸ ਸਬੰਧੀ 7 ਮਾਰਚ ਨੂੰ ਖਨੋਰੀ ਤੋਂ ਦਿੱਲੀ ਵੱਲ ਨੂੰ ਟਰੈਕਟਰ ਮਾਰਚ ਰਵਾਨਾ ਕੀਤਾ ਜਾਵੇਗਾ।

ਔਰਤਾਂ ਦੀ ਬਹਾਦਰੀ ਬਾਰੇ ਚਰਚਾ

ਸੁਨਾਮ ਵਿੱਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਚੱਲ ਰਹੇ ਪੱਕੇ ਕਿਸਾਨੀ ਮੋਰਚੇ ਵਿਚ ਅੱਜ ਔਰਤਾਂ ਵੱਲੋਂ ਇਤਿਹਾਸ ਵਿਚ ਪਾਏ ਬਹਾਦਰੀ ਦੇ ਪੂਰਨਿਆਂ ਦੀ ਚਰਚਾ ਹੁੰਦੀ ਰਹੀ। ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਆਉਂਦੀ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਟਿੱਕਰੀ ਹੱਦ ’ਤੇ ਕੀਤੀ ਜਾਣ ਵਾਲੀ ਕਾਨਫਰੰਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ।

ਲੱਡਾ ਟੌਲ ਪਲਾਜ਼ਾ ਕੋਲ ਧਰਨਾ ਜਾਰੀ

ਧੂਰੀ ਦੇ ਨੇੜਲੇ ਪਿੰਡ ਲੱਡਾ ਦੇ ਟੌਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਬੰਸ ਸਿੰਘ ਲੱਡਾ, ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾਂ ਅੱਜ 155 ਵੇ ਦਿਨ ਵਿੱਚ ਸ਼ਾਮਲ ਹੋ ਗਿਆ, ਅੱਜ ਵੀ ਕੇਂਦਰ ਸਰਕਾਰ ਤੇ ਅੰਬਾਨੀ ਤੇ ਅੰਡਾਨੀ ਹੋਰ ਕਾਰਪੋਰੇਟ ਘਰਾਣਿਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ 8 ਮਾਰਚ ਨੂੰ ਔਰਤ ਦਿਵਸ ਮਨਾਇਆ ਜਾਵੇਗਾ ਤੇ ਇਸ ਨੂੰ ਮਨਾਉਣ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ।

ਕਿਸਾਨਾਂ ਵੱਲੋਂ ਲਾਮਬੰਦੀ ਮੀਟਿੰਗ

ਕਸਬਾ ਘਨੌਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਰਾਜੇਵਾਲ) ਦੀ ਬਲਾਕ ਪੱਧਰੀ ਮੀਟਿੰਗ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਯੂਨੀਅਨ ਦੇ ਸੂਬਾਈ ਆਗੁੂ ਗੁਲਜਾਰ ਸਿੰਘ ਸਲੇਮਪੁਰ ਜੱਟਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ 6 ਮਾਰਚ ਨੂੰ ਰੋਸ ਦਿਵਸ ਮਨਾਇਆ ਜਾਵੇਗਾ। ਜਿਸ ਵਿੱਚ ਸਾਰੇ ਨਾਗਰਿਕ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਅਤੇ ਬਾਹਾਂ ’ਤੇ ਕਾਲੀ ਪੱਟੀ ਬੰਨ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨਗੇ। ਇਸ ਤੋਂ ਇਲਾਵਾ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune