ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨਾਂ ਨੇ ਕਣਕ ਦੀ ਫ਼ਸਲ ਵਾਹੀ

March 16 2021

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿਚ ਦਿਨ ਬਦਿਨ ਗੁੱਸਾ ਵੱਧਦਾ ਜਾ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਤੋਂ ਖਫਾ ਹੋ ਕੇ ਪਿੰਡ ਰਾਮ ਸਰਨ ਮਾਜਰਾ ਦੇ ਕਿਸਾਨ ਹੈਪੀ ਤੇ ਮਹਿੰਦਰ ਸਿੰਘ ਨੇ ਅੱਜ ਆਪਣੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਵਿਚ ਟਰੈਕਟਰ ਚਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ । ਪਿੰਡ ਦੇ ਲੋਕਾਂ ਨੂੰ ਜਦ ਇਸ ਬਾਰੇ ਪਤਾ ਲੱਗਿਆ ਤਾਂ ਪਿੰਡ ਦੇ ਪ੍ਰਵੀਨ ਕੁਮਾਰ, ਸ਼ਿਵ ਕੁਮਾਰ, ਅਸ਼ੋਕ ਕੁਮਾਰ, ਰਾਮ ਸਿੰਘ, ਜੈ ਭਗਵਾਨ, ਸ਼ੁਭਮ ਤੇ ਰੋਸ਼ਨ ਲਾਲ ਕਈ ਕਿਸਾਨ ਮੌਕੇ ’ਤੇ ਪੁੱਜੇ ਉਨ੍ਹਾਂ ਕਿਸਾਨ ਨੂੰ ਬੜੀ ਮੁਸ਼ਕਲ ਨਾਲ ਰੋਕਿਆ। ਜਦ ਤਕ ਕਿਸਾਨ ਉਨ੍ਹਾਂ ਨੂੰ ਰੋਕਦੇ ਉਦੋਂ ਤੱਕ ਉਸ ਨੇ ਇਕ ਏਕੜ ਫਸਲ ਨੂੰ ਵਾਹ ਦਿੱਤਾ ਸੀ। ਹੈਪੀ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਜਦ ਕੇਂਦਰ ਸਰਕਾਰ ਦੇ ਦਿਲ ਵਿਚ ਕਿਸਾਨਾਂ ਲਈ ਥਾਂ ਹੀ ਨਹੀਂ ਬਚੀ ਤਾਂ ਫਿਰ ਉਹ ਆਪਣੀਆਂ ਫ਼ਸਲਾਂ ਨੂੰ ਖੇਤਾਂ ਵਿਚ ਰੱਖ ਕੀ ਕਰਨਗੇ। ਕਿਸਾਨਾਂ ਦਾ ਕਹਿਣਾ ਸੀ ਕਿ ਜਦ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਲੋੜ ਹੀ ਨਹੀਂ ਤਾਂ ਸਰਕਾਰ ਜਬਰੀ ਕਿਉਂ ਉਨ੍ਹਾਂ ’ਤੇ ਥੋਪ ਰਹੀ ਹੈ। ਕਿਸਾਨ ਮਹਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸੌ ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਵਿਚ ਧਰਨਾ ਦੇ ਰਹੇ ਹਨ ਪਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਮੰਗਾਂ ਮੰਨਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਕਿਸਾਨਾਂ ਨੂੰ ਕੋਈ ਸਖਤ ਫ਼ੈਸਲਾ ਲੈਣਾ ਪਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune