ਖੇਤੀ ਕਾਨੂੰਨਾਂ ਖਿਲਾਫ਼ ਧਰਨਿਆਂ ’ਚ ਦਿੱਲੀ ਪੁੱਜਣ ਦਾ ਸੱਦਾ

May 14 2021

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ’ਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਿਹਾ ਸੰਘਰਸ਼ ਜਿੱਤ ਤੋਂ ਬਗੈਰ ਖਤਮ ਨਹੀਂ ਹੋਵੇਗਾ ਅਤੇ ਨਾ ਹੀ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਵਾਪਸ ਮੁੜਨਗੇ। ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੇ ਪੱਕੇ ਡੇਰੇ ਜੰਮ ਚੁੱਕੇ ਹਨ ਜਿਨ੍ਹਾਂ ਨੂੰ ਸਰਕਾਰੀ ਜਬਰ ਵੀ ਹਿਲਾ ਨਹੀਂ ਸਕੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਮੋਰਚਿਆਂ ਵਿੱਚ ਵਹੀਰਾਂ ਘੱਤ ਕੇ ਪੁੱਜਣ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਅੱਗੇ ਆਉਣਦਾ ਸੱਦਾ ਦਿੱਤਾ। 31 ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਨੇੜੇ ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਪੱਕੇ ਰੋਸ ਧਰਨੇ ਜਾਰੀ ਹਨ ਜਿਸ ਵਿਚ ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਅਤੇ ਬੱਚੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ। ਕਿਸਾਨ ਜਥੇਬੰਦੀਆਂ ਦੇ ਰੋਸ ਧਰਨੇ ਨੂੰ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਂਵਾਲ, ਮੱਘਰ ਸਿੰਘ ਉਭਾਵਾਲ, ਰਾਮ ਸਿੰਘ ਸੋਹੀਆਂ, ਰੋਹੀ ਸਿੰਘ ਮੰਗਵਾਲ, ਡਾ. ਹਰਪ੍ਰੀਤ ਕੌਰ ਖਾਲਸਾ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਧਰਨੇ ਨੂੰ ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਮੰਗਵਾਲ, ਸੋਮ ਨਾਥ ਸ਼ੇਰੋਂ, ਗੁਰਦੀਪ ਸਿੰਘ ਕੰਮੋਮਾਜਰਾ, ਸ਼ਿੰਦਰ ਸਿੰਘ ਬਡਰੁੱਖਾਂ, ਜਸਵਿੰਦਰ ਕੌਰ ਗਰੇਵਾਲ, ਬਲਜੀਤ ਕੌਰ ਕਿਲਾਭਰੀਆਂ, ਜਸਮੇਲ ਕੌਰ ਬਡਰੁੱਖਾਂ, ਜਸਪਾਲ ਕੌਰ ਉਭਾਵਾਲ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ’ਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਸੰਘਰਸ਼ ਪੂਰੀ ਚੜ੍ਹਦੀ ਕਲਾ ਵਿਚ ਹੈ। ਪੰਜਾਬ ਤੋਂ ਲਗਾਤਾਰ ਕਿਸਾਨਾਂ ਦਾ ਕਾਫ਼ਲੇ ਦਿੱਲੀ ਮੋਰਚੇ ਵਿਚ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਭਾਵੇਂ ਜਿੰਨ੍ਹਾਂ ਮਰਜ਼ੀ ਸਮਾਂ ਚਲਦਾ ਰਹੇ ਪਰੰਤੂ ਕਿਸਾਨ ਉਦੋਂ ਤੱਕ ਵਾਪਸ ਨਹੀਂ ਮੁੜਨਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਜਿੱਤ ਤੋਂ ਬਗੈਰ ਇਹ ਸੰਘਰਸ਼ ਖਤਮ ਨਹੀਂ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੇ ਪੱਕੇ ਰੈਣ ਬਸੇਰੇ ਹਨ ਜਿੰਨ੍ਹਾਂ ਨੂੰ ਕੋਈ ਵੀ ਤਾਕਤ ਹਿਲਾ ਨਹੀਂ ਸਕਦੀ। ਉਨ੍ਹਾਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਬਾਰਡਰਾਂ ’ਤੇ ਸੰਘਰਸ਼ੀ ਮੋਰਚਿਆਂ ਵਿਚ ਹੁੰਮ ਹੁਮਾ ਕੇ ਸ਼ਮੂਲੀਅਤ ਕਰਨ ਤਾਂ ਜੋ ਕਿਸਾਨ ਸੰਘਰਸ਼ ਨੂੰ ਜਿੱਤ ਦੇ ਅੰਜ਼ਾਮ ਤੱਕ ਲਿਜਾਇਆ ਜਾ ਸਕੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune