ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਜੋਸ਼ ਬਰਕਰਾਰ

May 11 2021

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 222 ਦਿਨਾਂ ਤੋਂ ਚੱਲ ਰਹੇ ਬੈਸਟ ਪ੍ਰਾਈਜ਼ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚੇ ਅੱਜ ਵੀ ਜਾਰੀ ਰਹੇ। ਕਿਸਾਨਾਂ ਨੇ ਕੇਂਦਰ ਦੀ ਭਾਜਪਾ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਕਰੋਨਾ ਇੱਕ ਆਮ ਬਿਮਾਰੀ ਹੈ। ਇਸ ਤੋਂ ਬਚਾਅ ਲਈ ਸਿਰਫ਼ ਆਪਣਾ ਮੂੰਹ ਢੱਕ ਕੇ ਰੱਖਣ ਅਤੇ ਇੱਕ ਦੂਜੇ ਤੋਂ ਦੋ ਗ਼ਜ ਦੀ ਦੂਰੀ ਰੱਖਣੀ ਜ਼ਰੂਰੀ ਹੈ। ਸਰਕਾਰਾਂ ਨੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਥਾਂ ਇਸ ਬਿਮਾਰੀ ਨੂੰ ਮਹਾਮਾਰੀ ਦਾ ਨਾਮ ਦੇ ਕੇ ਲੋਕਾਂ ਵਿੱਚ ਦਹਿਸ਼ਤੀ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਗਿਣਤੀ ਵਧਾਉਣ ਲਈ ਪਿੰਡਾਂ ਵਿੱਚ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।

ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ਼ ਰੇਲਵੇ ਸਟੇਸ਼ਨ ਬਰਨਾਲਾ ‘ਤੇ ਲੱਗੇ ਪੱਕੇ ਧਰਨੇ ਦੇ 222ਵੇਂ ਦਿਨ ਦਿੱਲੀ ਧਰਨਿਆਂ ਦੇ ਸੰਘਰਸ਼ੀ ਸ਼ਹੀਦ ਕਿਸਾਨ ਸੁਖਵਿੰਦਰ ਸਿੰਘ ਕੁਤਬਾ ਤੇ ਆਤਮਾ ਸਿੰਘ ਕਿਰਪਾਲ ਸਿੰਘ ਵਾਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਅੱਜ ਦੇ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਗੁੁਰਨਾਮ ਸਿੰਘ ਠੀਕਰੀਵਾਲਾ, ਗੁੁਰਦੇਵ ਮਾਂਗੇਵਾਲ, ਨਛੱਤਰ ਸਿੰਘ ਸਾਹੌਰ, ਮਨਜੀਤ ਰਾਜ, ਬਲਵੀਰ ਸੇਖਾ, ਹਰਚਰਨ ਸਿੰਘ ਚੰਨਾ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ|

ਕਿਸਾਨਾਂ ਦਾ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਚੱਲ ਰਿਹਾ ਲੜੀਵਾਰ ਧਰਨਾ ਅੱਜ 221ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਹਰਮੀਤ ਸਿੰਘ, ਡਕੌਂਦਾ ਜਥੇਬੰਦੀ ਦੇ ਆਗੂ ਬਹਾਦੁਰ ਸਿੰਘ ਗੁਰਨੇ ਖੁਰਦ ਅਤੇ ਹਰਵਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ।

ਖੇਤੀ ਕਾਨੂੰਨਾਂ ਖਿਲਾਫ ਮਹਿਲ ਕਲਾਂ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਧਰਨੇ ਵਿੱਚ ਕਿਸਾਨਾਂ ਨੇ ਬਲਾਕ ਮਹਿਲ ਕਲਾਂ ਨਾਲ ਸਬੰਧਤ ਸ਼ਹੀਦ ਹੋਏ ਦੋ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਜਥੇਦਾਰ ਅਜਮੇਰ ਸਿੰਘ, ਪਿਸ਼ੌਰਾ ਸਿੰਘ ਹਮੀਦੀ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune