ਖੇਤੀ ਕਾਨੂੰਨ ਰੱਦ ਹੋਣ ਤੱਕ ਡਟੇ ਰਹਿਣ ਦਾ ਅਹਿਦ

March 19 2021

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ‘ਤੇ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਪੱਕੇ ਧਰਨੇ ਦੇ 169ਵੇਂ ਦਿਨ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੇ ਨਿਰਦੇਸ਼ਨ ਹੇਠ ਨਾਟਕ ‘ਟੋਆ’ ਦਾ ਮੰਚਨ ਕੀਤਾ।

ਅੱਜ ਦੇ ਬੁਲਾਰਿਆਂ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਗੁਰਦੇਵ ਸਿੰਘ ਮਾਂਗੇਵਾਲ, ਜਸਮੇਲ ਸਿੰਘ ਕਾਲੇਕੇ, ਬਾਬੂ ਸਿੰਘ ਖੁੱਡੀ ਕਲਾਂ, ਸਾਧੂ ਸਿੰਘ ਛੀਨੀਵਾਲ, ਵਰਿੰਦਰ ਸਿੰਘ ਆਜ਼ਾਦ, ਹਰਚਰਨ ਸਿੰਘ ਚੰਨਾ ਤੇ ਜਸਪਾਲ ਕੌਰ ਨੇ ਸੰਨ 1949 ‘ਚ ਪੈਪਸੂ ਸਮੇਂ ਜ਼ਮੀਨ ਦੇ ਜਗੀਰਦਾਰਾਂ ਤੋਂ ਮਾਲਕਾਨਾ ਹੱਕ ਪ੍ਰਾਪਤੀ ਲਈ ਲੜੇ/ਜਿੱਤੇ ਮੁਜਾਰਾ ਅੰਦੋਲਨ ਦੇ ਭਲਕੇ ਸ਼ਹੀਦਾਂ ਦੀ ਯਾਦ ‘ਚ ਮਨਾਉਣ ਦਾ ਸੱਦਾ ਦਿੱਤਾ। ਬੁਲਾਰਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਕਰਨ ਦੇ ਜਾਰੀ ਨਵੇਂ ਫਰਮਾਨ ਦੇ ਵਿਰੁੱਧ ਕੱਲ੍ਹ ਹੀ ਐੱਸਡੀਐੱਮ ਨੂੰ ਮੰਗ ਪੱਤਰ ਸੌਂਪੇ ਜਾਣਗੇ। ਅੱਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਤ ਟੀਵੀ ਚੈਨਲ ਯੂਕੇ ਦੀ ਟੀਮ ਨੇ ਧਰਨੇ ‘ਚ ਸ਼ਮੂਲੀਅਤ ਕੀਤੀ| ਉਨ੍ਹਾਂ ਦੀ ਸੰਸਥਾ ਹੁਣ ਤੱਕ ਪੰਜਾਬ ਦੇ 75 ਪੀੜਤ ਪਰਿਵਾਰਾਂ ਨੂੰ 75 ਲੱਖ ਰੁਪਏ ਦੀ ਮਦਦ ਦੇ ਚੁੱਕੀ ਹੈ। ਅੱਜ ਬਹਾਦਰ ਸਿੰਘ ਧਨੌਲਾ ਤੇ ਲਵੀ ਬੁਢਲਾਡਾ ਨੇ ਗੀਤ ਸੁਣਾਏ।

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਬਰਨਾਲਾ-ਲੁਧਿਆਣਾ ਰਾਜ ਮਾਰਗ ‘ਤੇ ਸਥਿਤ ਸੰਘੇੜਾ-ਭੱਦਲਵੱਡ ਦੇ ਵਿਚਕਾਰ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ 171ਵੇਂ ਦਿਨ ਵੀ ਜਾਰੀ ਰਿਹਾ। ਇਕੱਤਰ ਕਿਸਾਨ ਮਜ਼ਦੂਰ ਮਰਦ, ਔਰਤਾਂ ਤੇ ਨੌਜਵਾਨਾਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਲਿਆਂਦੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਹਰਜੀਤ ਸਿੰਘ ਦੀਵਾਨਾ, ਕੁਲਜੀਤ ਸਿੰਘ ਵਜੀਦਕੇ, ਕੁਲਦੀਪ ਸਿੰਘ ਚੁਹਾਣਕੇ, ਮਾਨ ਸਿੰਘ ਗੁਰਮ, ਰਾਜਪਾਲ ਸਿੰਘ ਪੰਡੋਰੀ, ਅੱਛਰਾ ਸਿੰਘ ਹਮੀਦੀ, ਰਾਜਿੰਦਰ ਸਿੰਘ ਵਜੀਦਕੇ ਕਲਾਂ, ਬਲਵਿੰਦਰ ਸਿੰਘ ਸੰਘੇੜਾ, ਰਾਜਪਾਲ ਸਿੰਘ ਪੰਡੋਰੀ ਤੇ ਬਲਵਿੰਦਰ ਸਿੰਘ ਸੱਦੋਵਾਲ ਨੇ ਆਪਣੇ ਹੱਕਾਂ ਦੀ ਰਾਖੀ ਲਈ ਕਿਰਤੀ ਕਿਸਾਨ ਮਜ਼ਦੂਰਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਖੁਦ ਅੱਗੇ ਆਉਣ ਦਾ ਹੋਕਾ ਦਿੱਤਾ

ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਚੱਲ ਰਿਹਾ ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ 169ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਧਰਨਾਕਾਰੀਆਂ ਨੇ ਕਿਹਾ ਕਿ ਸਾਮਰਾਜ ਪੱਖੀ ਮੋਦੀ ਹਕੂਮਤ ਵਿਰੁੱਧ ਇਹ ਸੰਘਰਸ਼ ਲੰਬਾ ਅੰਦੋਲਨ ਬਣਦਾ ਜਾ ਰਿਹਾ ਹੈ, ਜਿਸ ਨੂੰ ਹੋਰ ਵੀ ਵੱਖ-ਵੱਖ ਪੜਾਵਾਂ ਵਿੱਚੋਂ ਲੰਘਣਾ ਪੈ ਸਕਦਾ ਹੈ, ਜਿਸ ਲਈ ਕਿਸਾਨ ਧਿਰਾਂ ਹਿੱਕ ਡਾਹ ਕੇ ਖੜ੍ਹੀਆਂ ਹੋਈਆਂ ਹਨ। ਧਰਨਾਕਾਰੀਆਂ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਮਹਿੰਦਰ ਸਿੰਘ ਭੈਣੀਬਾਘਾ, ਤੇਜ ਸਿੰਘ ਚਕੇਰੀਆਂ ਮੇਜਰ ਸਿੰਘ ਦੂਲੋਵਾਲ, ਕੁਲਵਿੰਦਰ ਸਿੰਘ ਐਡਵੋਕੇਟ ਨੇ ਸੰਬੋਧਨ ਕੀਤਾ।

ਮਹਿਲ ਕਲਾਂ ਕਿਸਾਨ ਮੋਰਚੇ ‘ਤੇ ਨਾਟਕ ‘ਮੈਂ ਫਿਰ ਆਵਾਂਗਾ’ ਦਾ ਮੰਚਨ ਕੀਤਾ

ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 169ਵੇਂ ਦਿਨ ਵੀ ਜਾਰੀ ਰਿਹਾ। ਅੱਜ ਮੋਰਚੇ ’ਤੇ ਆਜ਼ਾਦ ਰੰਗਮੰਚ ਭੋਤਨਾ ਦੀ ਟੀਮ ਵੱਲੋਂ ਰਣਜੀਤ ਰੇਸ਼ਮ ਦੇ ਨਿਰਦੇਸ਼ਨ ਹੇਠ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ’ਤੇ ਅਧਾਰਿਤ ਨਾਟਕ ‘ਮੈਂ ਫ਼ੇਰ ਆਵਾਂਗਾ’ ਪੇਸ਼ ਕੀਤਾ ਗਿਆ। ਇਸ ਮੌਕੇ ਨਿਰਦੇਸ਼ਕ ਨੇ ਦੱਸਿਆ ਕਿ ਭਾਰਤ ਦੀ ਜਨਤਾ ਪਿਛਲੇ 73 ਸਾਲ ਤੋਂ ਗਰੀਬੀ,ਅਨਪੜ੍ਹਤਾ,ਅੰਧ-ਵਿਸ਼ਵਾਸਾਂ ਤੇ ਬੇਰੁਜ਼ਗਾਰੀ ਦੇ ਟੋਏ ਵਿੱਚ ਡਿੱਗੀ ਪਈ ਹੈ ਪਰ ਸਰਕਾਰਾਂ,ਰਾਜਸੀ ਪਾਰਟੀਆਂ, ਧਾਰਮਿਕ ਆਗੂਆਂ ਤੇ ਪ੍ਰਸ਼ਾਸਨ ‘ਚੋਂ ਕੋਈ ਵੀ ਬਾਂਹ ਫੜ ਕੇ ਜਨਤਾ ਨੂੰ ਇਸ ਨਰਕੀ ਟੋਏ ਚੋਂ ਕੱਢਣ ਲਈ ਤਿਆਰ ਨਹੀਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune