ਖਸਖਸ ਦੀ ਖੇਤੀ ਦੀ ਮਨਜ਼ੂਰੀ ਲੈਣ ਲਈ ਜੱਦੋ-ਜਹਿਦ

May 04 2021

ਪੰਜਾਬ ਦੇ ਨੌਜਵਾਨ ਵਰਗ ਨੂੰ ਸੰਥੈਟਿਕ ਨਸ਼ਿਆਂ ਤੋਂ ਬਚਾਉਣ ਅਤੇ ਖੇਤੀ ’ਚ ਫ਼ਸਲੀ ਵਿਭੰਨਤਾ ਲਿਆ ਕੇ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਦੇ ਇਰਾਦੇ ਨਾਲ ਕੰਮ ਕਰ ਰਹੇ ਜਗਰਾਉਂ ਸ਼ਹਿਰ ਵਿੱਚ ਡਰਾਈਕਲੀਨਿੰਗ ਕਰਨ ਵਾਲੇ ਸੰਜੇ ਕੁਮਾਰ ਪਾਕੀਜ਼ਾ ਵੱਲੋਂ ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਸਬੰਧੀ ਮਨਜ਼ੂਰੀ ਲੈਣ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੇ ਪੱਤਰਾਂ ਦੀਆਂ ਕਾਪੀਆਂ ਦਿਖਾਉਂਦੇ ਹੋਏ ਸੰਜੇ ਕੁਮਾਰ ਨੇ ਦੱਸਿਆ ਕਿ ਜੇਕਰ ਸਰਕਾਰਾਂ ਇਸ ਬਦਲ ਨੂੰ ਅਪਣਾ ਲੈਣ ਤਾਂ ਪੰਜਾਬ ਦਾ ਨੌਜਵਾਨ ਵਰਗ ਹੈਰੋਇਨ, ਸਮੈਕ ਤੇ ਨਸ਼ੇ ਵਾਲੀਆਂ ਗੋਲੀਆਂ ਆਦਿ ਘਾਤਕ ਨਸ਼ਿਆਂ ਤੋਂ ਮੁੱਕਤ ਹੋ ਸਕਦਾ ਹੈ। ਇਸ ਦੇ ਨਾਲ ਹੀ ਡੁੱਬਦੀ ਜਾ ਰਹੀ ਕਿਸਾਨੀ ਨੂੰ ਵੀ ਖੁਸ਼ਹਾਲੀ ਦੇ ਰਾਹ ਤੋਰਿਆ ਜਾ ਸਕਦਾ ਹੈ। ਸੰਜੈ ਨੇ ਦੱਸਿਆ ਕਿ ਇਸ ਸਬੰਧੀ ਉਹ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਵੀ ਮਿਲ ਚੁੱਕਿਆ ਹੈ। ਹੁਣ ਉਸ ਵੱਲੋਂ ਸੂਬੇ ਦੇ 117 ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਤਜਵੀਜ਼ ਹੈ। ਸੰਜੈ ਨੇ ਦੱਸਿਆ ਕਿ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨਾਲ ਇਸ ਸਬੰਧੀ ਗੱਲਬਾਤ ਕਰਨ ਮਗਰੋਂ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ। ਸੰਜੇ ਨੇ ਆਖਿਆ ਕਿ ਉਸ ਨੂੰ ਵਿਸ਼ਵਾਸ ਹੈ ਕਿ ਇੱਕ ਦਿਨ ਇਹ ਸੁਝਾਅ ਪੰਜਾਬ ਸਰਕਾਰ ਜ਼ਰੂਰ ਲਾਗੂ ਕਰੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune