ਖਰੀਦ ਦਾ ਪਹਿਲਾ ਦਿਨ: ਬਨੂੜ ਮੰਡੀ ਵਿਚ ਨਹੀਂ ਪੁੱਜਿਆ ਕਣਕ ਦਾ ਇੱਕ ਵੀ ਦਾਣਾ

April 02 2019

ਪਿਛਲੇ ਦਸ ਵਰ੍ਹਿਆਂ ਦੌਰਾਨ ਇਸ ਵਰ੍ਹੇ ਅਜਿਹਾ ਪਹਿਲਾ ਮੌਕਾ ਹੈ ਕਿ ਕਣਕ ਦੀ ਸਰਕਾਰੀ ਖਰੀਦ ਆਰੰਭ ਹੋਣ ਮਗਰੋਂ ਵੀ ਬਨੂੜ ਦੀ ਮੰਡੀ ਵਿੱਚ ਕਣਕ ਦਾ ਇੱਕ ਦਾਣਾ ਨਹੀਂ ਪੁੱਜਿਆ ਹੈ। ਮਾਰਚ ਦੇ ਆਖੀਰ ਤੱਕ ਪਈ ਠੰਡ ਕਾਰਨ ਕਣਕ ਬੇਹੱਦ ਹੌਲੀ ਰਫ਼ਤਾਰ ਨਾਲ ਪੱਕ ਰਹੀ ਹੈ ਤੇ ਹਾਲੇ ਇਸ ਖੇਤਰ ਵਿੱਚ ਕਿੱਧਰੇ ਵੀ ਕਣਕ ਦੀ ਵਾਢੀ ਆਰੰਭ ਹੋਣ ਦੀ ਸੂਚਨਾ ਨਹੀਂ ਹੈ। ਇਸ ਪੱਤਰਕਾਰ ਨੇ ਮੰਡੀ ਦਾ ਦੌਰਾ ਕਰਕੇ ਵੇਖਿਆ ਤਾਂ ਮੰਡੀ ਕਣਕ ਤੋਂ ਸੱਖਣੀ ਸੀ। ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਸਾਬਕਾ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ ਪਿਛਲੇ ਦਸ ਬਾਰਾਂ ਸਾਲ ਵਿੱਚ ਪਹਿਲਾ ਮੌਕਾ ਹੈ ਜਦੋਂ ਪਹਿਲੀ ਅਪਰੈਲ ਨੂੰ ਮੰਡੀ ਵਿੱਚ ਕਣਕ ਨਹੀਂ ਪੁੱਜ ਸਕੀ ਹੈ। ਉਨ੍ਹਾਂ ਦੱਸਿਆ ਕਿ ਹਰ ਵਰ੍ਹੇ 25 ਮਾਰਚ ਤੋਂ ਹੀ ਕਣਕ ਆਉਣੀ ਆਰੰਭ ਹੋ ਜਾਂਦੀ ਹੈ ਤੇ ਪਹਿਲੀ ਅਪਰੈਲ ਤੱਕ ਵੱਡੀ ਮਾਤਰਾ ਵਿੱਚ ਕਣਕ ਦੀ ਆਮਦ ਆਰੰਭ ਹੋ ਚੁੱਕੀ ਹੁੰਦੀ ਹੈ। ਪਿੰਡ ਬਠਲਾਣਾ ਦੇ ਕਿਸਾਨਾਂ ਨੇ ਦੱਸਿਆ ਨਕਿ ਐਤਕੀਂ ਮਾਰਚ ਦੇ ਆਖੀਰ ਤੱਕ ਤਾਪਮਾਨ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਣਕ ਹੌਲੇ ਹੌਲੇ ਪੱਕੀ ਹੈ ਤੇ ਇਸ ਨਾਲ ਕਣਕ ਦਾ ਝਾੜ ਵੱਧ ਰਹਿਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਵਰ੍ਹੇ ਕਣਕ ਵਿੱਚ ਗੁੱਲੀ ਡੰਡੇ ਦੀਆਂ ਦਵਾਈਆਂ ਬੇਅਸਰ ਰਹਿਣ ਕਾਰਨ ਝਾੜ ’ਤੇ ਕੁੱਝ ਅਸਰ ਪੈ ਸਕਦਾ ਹੈ ਨਹੀਂ ਤਾਂ ਐਤਕੀਂ ਬੰਪਰ ਫਸਲ ਦੀ ਉਮੀਦ ਹੈ। ਕਿਸਾਨਾਂ ਨੇ ਦੱਸਿਆ ਕਿ ਅਗਲੇ ਚਾਰ ਪੰਜ ਦਿਨ ਵਿੱਚ ਵਾਢੀ ਪੈ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ