ਕੇਂਦਰੀ ਖੇਤੀਬਾੜੀ ਮੰਤਰੀ ਨੇ ਖੇਤੀ ਤਕਨਾਲੋਜੀਆਂ ਅਤੇ ਖੇਤੀ ਕਿਸਮਾਂ ਦੇ ਖੇਤਰ ਵਿਚ ਦਿੱਤੇ ਸਨਮਾਨ

June 03 2021

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਦੇਸ਼ ਵਿਚ ਅੰਨ ਭੰਡਾਰ ਭਰਪੂਰ ਮਾਤਰਾ ਵਿਚ ਹਨ ਅਤੇ ਇਹ ਸਭ ਭਾਰਤੀ ਖੇਤੀ ਖੋਜ ਪਰਿਸ਼ਦ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰ ਦੀਆਂ ਚੰਗੀਆਂ ਖੇਤੀਬਾੜੀਆਂ ਨੀਤੀਆਂ ਦਾ ਫਲ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਦਾਲਾਂ, ਤੇਲ ਬੀਜਾਂ ਅਤੇ ਬਾਗਬਾਨੀ ਫ਼ਸਲਾਂ ਸੰਬੰਧੀ ਹੋਰ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਵਿਚ ਆਤਮ ਨਿਰਭਰਤਾ ਲਿਆਉਣ ਲਈ ਨਵੀਂ ਨੀਤੀ ਲਿਆਂਦੀ ਜਾਏਗੀ।

ਸ਼੍ਰੀ ਤੋਮਰ ਨੇ ਇਹ ਵਿਚਾਰ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਇਕ ਸਮਾਗਮ ਵਿਚ ਪ੍ਰਗਟਾਏ ਜਿਥੇ ਪਰਿਸ਼ਦ ਦੀਆਂ ਪ੍ਰਾਪਤੀਆਂ, ਪ੍ਰਕਾਸ਼ਨਾਵਾਂ ਅਤੇ ਨਵੀਆਂ ਤਕਨਾਲੋਜੀਆਂ ਦੇ ਸਿਲਸਿਲੇ ਵਿਚ ਸਨਮਾਨ ਘੋਸ਼ਿਤ ਕੀਤੇ ਜਾ ਰਹੇ ਸਨ।ਪਰਿਸ਼ਦ ਦੇ ਸਮਾਰੋਹ ’ਕਿ੍ਰਤਗਯ’ ਵਿਚ ਖੇਤੀਬਾੜੀ ਅਤੇ ਨਾਲ ਜੁੜੇ ਖੇਤਰਾਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਕਰਨ ਵਾਲੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ।ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਵਿਚ ਮੂੰਹ-ਖੁਰ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਬੜੇ ਉਚੇਚੇ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਦਿਆ ਬਹੁਤ ਲੋੜੀਂਦੀ ਹੈ ਤਾਂ ਜੋ ਇਸ ਖੇਤਰ ਦਾ ਸੰਪੂਰਣ ਵਿਕਾਸ ਕੀਤਾ ਜਾ ਸਕੇ।

ਇਸ ਸਮਾਰੋਹ ਵਿਚ ਜੈਲਲਿਤਾ ਫ਼ਿਸ਼ਰੀਜ਼ ਯੂਨੀਵਰਸਿਟੀ, ਤਮਿਲਨਾਡੂ ਨੂੰ ਸੁੱਕੀ ਮੱਛੀ ਕੱਟਣ ਵਾਸਤੇ ਤਿਆਰ ਕੀਤੇ ਗਏ ਔਜ਼ਾਰ ਸੰਬੰਧੀ ਇਨਾਮ ਦਿੱਤਾ ਗਿਆ।ਘੋੜਿਆਂ ਦੇ ਫਲੂ ਬਾਰੇ ਏਲੀਜ਼ਾ ਕਿੱਟ ਤਿਆਰ ਕਰਨ ਵਾਸਤੇ ਘੋੜਿਆਂ ਦੇ ਰਾਸ਼ਟਰੀ ਖੋਜ ਕੇਂਦਰ, ਹਿਸਾਰ ਨੂੰ ਸਨਮਾਨਿਤ ਕੀਤਾ ਗਿਆ।ਮੱਝਾਂ ਸੰਬੰਧੀ ਕੇਂਦਰੀ ਖੋਜ ਕੇਂਦਰ, ਹਿਸਾਰ ਨੂੰ ਪਸ਼ੂ ਦੇ ਗਰਭ ਦੀ ਜਾਂਚ ਸੰਬੰਧੀ ਕਿੱਟ ਤਿਆਰ ਕਰਨ ਲਈ ਸਨਮਾਨਿਆ ਗਿਆ।ਫ਼ਿਸ਼ਰੀਜ਼ ਡਿਵੀਜ਼ਨ ਵੱਲੋਂ ਤਿਆਰ ਕੀਤੀ ਜੈਵਿਕ ਝਿੱਲੀ ਨੂੰ ਵੀ ਇਸ ਸ਼੍ਰੇਣੀ ਵਿਚ ਸਨਮਾਨ ਮਿਲਿਆ।

ਇਸ ਮੌਕੇ ’ਤੇ ਖੇਤੀਬਾੜੀ ਸੰਬੰਧੀ ਰਾਜ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ, ਮਹਾਂਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ, ਡਾ. ਤਿ੍ਰਲੋਚਨ ਮੋਹਾਪਾਤਰਾ, ਵਿਸ਼ੇਸ਼ ਸਕੱਤਰ ਸ਼੍ਰੀ ਸੰਜੈ ਸਿੰਘ ਅਤੇ ਉਪ-ਮਹਾਂਨਿਰਦੇਸ਼ਕ, ਡਾ. ਆਰ ਸੀ ਅਗਰਵਾਲ ਨੇ ਵੀ ਸੰਬੋਧਨ ਕੀਤਾ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਅਤੇ ਕਾਢਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਲਈ ਵਰਦਾਨ ਹਨ।ਉਨ੍ਹਾਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਕਿ ਇਸ ਢੰਗ ਨਾਲ ਉਨ੍ਹਾਂ ਨੇ ਵੱਖੋ-ਵੱਖਰੀਆਂ ਖੋਜਾਂ ਅਤੇ ਤਕਨਾਲੋਜੀਆਂ ਦੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran