ਕਿਸਾਨੀ ਘੋਲ ਦੇ ਰੰਗ ’ਚ ਰੰਗਿਆ ਚੰਡੀਗੜ੍ਹ

February 01 2021

ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਵਿੱਚ ਚੱਲ ਰਹੇ ਕਿਸਾਨੀ ਘੋਲ ਵਿੱਚ ਗਣਤੰਤਰ ਦਿਵਸ ਦੀ ਘਟਨਾ ਤੋਂ ਬਾਅਦ ਨਵਾਂ ਜੋਸ਼ ਅਤੇ ਉਤਸ਼ਾਹ ਵਿਖਾਈ ਦੇਣ ਲੱਗਾ ਹੈ। ਲੋਕ ਮਜ਼ਬੂਤ ਇਰਾਦਿਆਂ ਨਾਲ ਪਹਿਲਾਂ ਨਾਲੋਂ ਵੱਡੀ ਗਿਣਤੀ ਦਿੱਲੀ ਪਹੁੰਚ ਕਰ ਰਹੇ ਹਨ। ਕਿਸਾਨੀ ਸੰਘਰਸ਼ ਦਾ ਇਹ ਰੰਗ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਪਸ਼ਟ ਦਿਖਾਈ ਦੇਣ ਲੱਗਾ ਹੈ। ਜਿੱਥੇ ਲੋਕ ਰੋਜ਼ਾਨਾ ਸ਼ਾਮ ਨੂੰ ਮਟਕਾ ਚੌਕ, ਲੇਬਰ ਚੌਕ ਸਣੇ ਵੱਖ-ਵੱਖ ਚੌਕਾਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਐਤਵਾਰ ਸ਼ਾਮ ਨੂੰ ਵੀ ਹਜ਼ਾਰਾਂ ਲੋਕਾਂ ਨੇ ਮਟਕਾ ਚੌਕ ਵਿੱਚ ਸ਼ਾਂਤਮਈ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਕਰ ਰਹੇ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਆਪਣੇ ਹੱਕਾਂ ਲਈ ਖੁੱਲ੍ਹੇ ਅਸਮਾਨ ਹੇਠ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਗੱਲਾਂ ਮੰਨਣ ਦੀ ਥਾਂ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਰ ਇਹ ਸੰਘਰਸ਼ ਕਮਜ਼ੋਰ ਹੋਣ ਦੀ ਥਾਂ ਭੱਖਦਾ ਜਾ ਰਿਹਾ ਹੈ।

ਨਵਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਤਿਆਰ ਕੀਤੇ ਗਏ ਹਨ। ਜੋ ਕਿ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਕਈ ਵਾਰ ਦਿੱਲੀ ਘੋਲ ਵਿੱਚ ਵੀ ਜਾ ਕੇ ਆਏ ਹਨ। ਜਦੋਂ ਉਹ ਕੰਮ ਕਾਜ ਕਰਕੇ ਦਿੱਲੀ ਨਹੀਂ ਜਾ ਪਾਉਂਦੇ ਤਾਂ ਆਪਣੇ ਪਰਿਵਾਰ ਸਣੇ ਚੰਡੀਗੜ੍ਹ ਵਿੱਚ ਸ਼ਾਂਤਮਈ ਸੰਘਰਸ਼ ਕਰਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਬਣ ਰਹੇ ਹਨ। ਕਿਸਾਨਾਂ ਦੀ ਹਮਾਇਤ ਵਿੱਚ ਸ਼ਾਂਤਮਈ ਸੰਘਰਸ਼ ਕਰ ਰਹੇ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਕਾਰੋਬਾਰ ਵਿੱਚ ਰੁੱਝੇ ਹੋਣ ਕਰਕੇ ਦਿੱਲੀ ਸੰਘਰਸ਼ ਵਿੱਚ ਜ਼ਿਆਦਾ ਸਮਾਂ ਨਹੀਂ ਦੇ ਸਕਦਾ। ਉਹ ਆਪਣੇ ਕੰਮਕਾਜ ਤੋਂ ਵਿਹਲ ਮਿਲਣ ’ਤੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੋਇਆ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਵਿਦਿਆਰਥੀ, ਬਜ਼ੁਰਗਾਂ ਅਤੇ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਪਾਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸਰਬਜੀਤ ਸਿੰਘ, ਗੁਰਮੇਲ ਸਿੰਘ, ਪ੍ਰੋ. ਬਲਵਿੰਦਰ ਸਿੰਘ ਚਾਹਿਲ, ਡਾ. ਸੁਖਵੀਰ ਕੌਰ ਚਾਹਿਲ, ਡਾ. ਸੁਨੀਤਾ ਸਿੰਗਲਾ, ਪ੍ਰੋ. ਰੰਗਾ, ਆਰਟਿਸਟ ਕਰਨ ਗੁਲਜ਼ਾਰ, ਐਡਵੋਕੇਟ ਰੋਹਿਤ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune