ਕਿਸਾਨਾਂ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਸਿਜਦਾ

May 13 2021

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਵਾਲਾ ਨਵਾਂ ਕਾਨੂੰਨ ਲਿਆਉਣ ਦੀ ਮੰਗ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗਾ ਕਿਸਾਨੀ ਧਰਨਾ ਅੱਜ 224ਵੇਂ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ| ਅੱਜ ਸਰਹਿੰਦ ਫਤਹਿ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈ| ਇਸ ਦੌਰਾਨ ਬੁਲਾਰਿਆਂ ਕਿਹਾ ਕਿ ਬਾਬਾ ਬੰਦਾ ਬਹਾਦਰ ਜ਼ਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਨੂੰ ਵੰਡਣ ਵਾਲੇ ਪਹਿਲੇ ਸ਼ਾਸਕ ਸਨ| ਪਰ ਅੱਜ ਦੇ ਕੇਂਦਰੀ ਸ਼ਾਸਕ ਉਹੀ ਜ਼ਮੀਨਾਂ ਕਾਸ਼ਤਕਾਰਾਂ ਤੋਂ ਖੋਹ ਕੇ ਸਰਮਾਏਦਾਰਾਂ ਹਵਾਲੇ ਕਰਨ ‘ਤੇ ਤੁਲੇ ਹੋਏ ਹਨ| ਅੱਜ ਬੀਦੀ ਨਿਰਦੇਸ਼ਨਾ ਹੇਠ ‘ਵੱਖਰਾ ਜਾਨੂੰਨ’ ਨਾਟਕ ਗਰੁੱਪ ਨੇ ‘ਕੁੱਤੀ ਰਲ ਗਈ ਚੋਰਾਂ ਨਾਲ’ ਨਾਟਕ ਦੀ ਬਾਖੂਬੀ ਪੇਸ਼ਕਾਰੀ ਰਾਹੀਂ ਸਮੇਂ ਦੇ ਸਿਆਸੀ ਨੇਤਾਵਾਂ ਦੇ ਕਿਰਦਾਰ ਉਘਾੜਿਆ| ਅੱਜ ਦੇ ਬੁਲਾਰਿਆਂ ਵਿੱਚ ਨਰੈਣ ਦੱਤ, ਗੁੁਰਦੇਵ ਸਿੰਘ ਮਾਂਗੇਵਾਲ, ਬਲਵੰਤ ਸਿੰਘ ਉਪਲੀ, ਗੁੁਰਨਾਮ ਸਿੰਘ ਠੀਕਰੀਵਾਲਾ ਤੇ ਮਨਜੀਤ ਰਾਜ ਆਦਿ ਸ਼ਾਮਲ ਸਨ। ਅੱਜ ਪ੍ਰੀਤ ਕੌਰ ਧੂਰੀ ਤੇ ਪਾਠਕ ਭਰਾਵਾਂ ਦੇ ਕਵੀਸ਼ਰੀ ਜਥਿਆਂ ਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਅਤੇ ਆਪਣੀ ਬੁੁਲੰਦ ਆਵਾਜ਼ ਨਾਲ ਪੰਡਾਲ ਵਿੱਚ ਜੋਸ਼ ਭਰਿਆ| ਮੁੁਖਤਿਆਰ ਸਿੰਘ ਭੈਣੀ ਨੇ ਗੀਤ ਸੁੁਣਾਇਆ

ਖੇਤੀ ਕਾਨੂੰਨਾਂ ਖਿਲਾਫ ਮਹਿਲ ਕਲਾਂ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਪੱਕੇ ਧਰਨੇ ‘ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ ਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਜਿਸ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਦੀ ਚਿੰਤਾ ਹੈ।

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੋਂ ਦੇ ਨਿੱਜੀ ਪਟਰੋਲ ਪੰਪ ਅਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਦੇ ਬੁਲਾਰਿਆਂ ਵਿੱਚ ਬਲਜੀਤ ਕੌਰ, ਚਰਨਜੀਤ ਕੌਰ ਧਰਮਪੁਰਾ, ਗੁੱਡੀ ਕੌਰ ਬਰੇਟਾ, ਸੁਰਜੀਤ ਕੌਰ ਕਿਸ਼ਨਗੜ੍ਹ, ਰਾਮਫਲ ਸਿੰਘ ਤੇ ਦਸੌਂਧਾ ਸਿੰਘ ਸ਼ਾਮਲ ਸਨ।

ਇੱਥੇ ਅੱਜ 32 ਕਿਸਾਨ ਜਥੇਬੰਦੀਆਂ ਵਾਲੇ ਕਿਸਾਨ ਮੋਰਚੇ ਦੇ ਆਗੂ ਕ੍ਰਮਵਾਰ ਡਕੌਂਦਾ ਦੇ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਨੌਜਵਾਨ ਕਿਸਾਨ ਆਗੂ ਸਵਰਨਜੀਤ ਸਿੰਘ ਦਲਿਓ, ਕ੍ਰਾਂਤੀਕਾਰੀ ਮਜ਼ਦੂਰ ਯੁਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰਾਂ ਦੀ ਲੜਾਈ ਇਕੱਲੇ ਖੇਤੀ ਕਾਨੂੰਨ ਰੱਦ ਕਰਵਾਉਣਾ ਹੀ ਨਹੀਂ ਰਹੀ ਬਲਕਿ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀਆਂ ਦੀ ਚੁੰਗਲ ਵਿੱਚੋਂ ਬਾਹਰ ਕੱਢਣ ਦੀ ਵੀ ਬਣੀ ਹੋਈ ਹੈ।

ਮਾਲਵਾ ਖੇਤਰ ’ਚੋਂ ਹਾੜ੍ਹੀ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਮੁੜ ਕਾਫ਼ਲੇ ਬੰਨ ਕੇ ਜਾਣਾ ਆਰੰਭ ਕਰ ਦਿੱਤਾ ਹੈ। ਮਾਲਵੇ ਦੀਆਂ ਵੱਖ-ਵੱਖ ਥਾਵਾਂ ਤੋਂ ਅੱਜ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਦੇ ਨਾਲ ਹੀ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਇਆ ਧਰਨਾ ਅੱਜ 224ਵੇਂ ਦਿਨ ਵੀ ਜਾਰੀ ਰਿਹਾ ਅਤੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡਾਂ ਵਿੱਚੋਂ ਹਰ-ਰੋਜ਼ ਦਿੱਲੀ ਲਈ ਜਥੇ ਭੇਜਣ ਦਾ ਅਹਿਦ ਲਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਬਜਾਏ, ਉਲਟਾ ਕਿਸਾਨਾਂ ’ਤੇ ਆਰਥਿਕ ਬੋਝ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਵਧਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune