ਕਿਸਾਨਾਂ ਵੱਲੋਂ ਛੱਟੇ ਵਾਲੀ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ

May 20 2021

ਪਾਇਲ ਏਰੀਏ ਦੇ ਪਿੰਡ ਚੀਮਾ ਅਤੇ ਅਲੂਣਾ ਤੋਲਾ ਵਿੱਚ ਕਿਸਾਨਾਂ ਵੱਲੋਂ ਛੱਟੇ ਵਾਲੀ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ। ਪਿੰਡ ਅਲੂਣਾ ਤੋਲਾ ਦੇ ਕਿਸਾਨ ਮਨਪ੍ਰੀਤ ਸਿੰਘ ਗੋਲਡੀ ਅਤੇ ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਛੱਟੇ ਨਾਲ ਬੀਜੀ ਝੋਨੇ ਦੀ ਫਸਲ ਦੇ ਕੀਤੇ ਤਜਰਬੇ ਮੁਤਾਬਕ ਇਸ ਵਾਰ ਝੋਨੇ ਦੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਜਾਵੇਗੀ ਕਿਉਂਕਿ ਪਿਛਲੀ ਵਾਰ ਛੱਟੇ ਨਾਲ ਬੀਜੀ ਝੋਨੇ ਦੀ ਫ਼ਸਲ ਦਾ ਝਾੜ 38 ਕੁਇੰਟਲ ਪ੍ਰਤੀ ਏਕੜ ਨਿਕਲਿਆ ਸੀ। ਉਨ੍ਹਾਂ ਛੱਟੇ ਦੀ ਸਿੱਧੀ ਬਿਜਾਈ ਬਾਰੇ ਦੱਸਦਿਆਂ ਕਿਹਾ ਕਿ ਖੇਤ ਨੂੰ ਵਾਹੀ ਕਰਨ ਤੋਂ ਬਾਅਦ ਪਾਣੀ ਛੱਡਕੇ ਇੱਕ ਵਾਰ ਸੁਹਾਗੇ ਨਾਲ ਪੱਧਰ ਕਰਕੇ ਛੱਡ ਦਿੱਤਾ ਜਾਂਦਾ ਹੈ, ਫਿਰ ਝੋਨੇ ਦੀ ਪਨੀਰੀ ਦੀ ਤਰ੍ਹਾਂ ਪੁੰਗਰੀ ਹੋਏ ਬੀਜ ਨੂੰ ਖੇਤ ਵਿੱਚ ਦੋਹਰਾ ਛੱਟਾ ਦਿੱਤਾ ਜਾਂਦਾ ਅਤੇ ਨਾਲ ਹੀ ਪਨੀਰੀ ਵਾਲੀ ਕੱਖਾਂ ਵਾਲੀ ਦਵਾਈ ਪਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਕਰੀਬ 20 ਤੋਂ 25 ਦਿਨ ਬਾਅਦ ਆਮ ਫਸਲ਼ਾਂ ਦੀ ਤਰ੍ਹਾਂ ਲੋੜ ਮੁਤਾਬਕ ਪਾਣੀ ਅਤੇ ਖਾਦ ਪਾਈ ਜਾਂਦੀ ਹੈ। ਕਿਸਾਨਾਂ ਨੇ ਅੱਗੇ ਦੱਸਿਆ ਕਿ ਛੱਟੇ ਵਾਲੀ ਬਿਜਾਈ ਕਰਨ ’ਤੇ ਕੋਈ ਜ਼ਿਆਦਾ ਖਰਚ ਨਹੀ ਆਉਂਦਾ, ਕੱਦੂ ਕਰਨ ਦੀ ਲੋੜ ਨਹੀਂ, ਪਾਣੀ ਘੱਟ ਲੱਗਦਾ, 5 ਹਜ਼ਾਰ ਰੁਪਏ ਝੋਨੇ ਦੀ ਲਵਾਈ ਬਚ ਜਾਦੀਂ ਹੈ।

ਇਸ ਸਬੰਧੀ ਡਾ. ਰਾਜਿੰਦਰਪਾਲ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਛੱਟੇ ਵਾਲੀ ਨਾਲੋਂ ਜ਼ਿਆਦਾਤਰ ਤਰਬੱਤਰ ਜ਼ਮੀਨ ਵਿੱਚ ਡਰਿੱਲ ਨਾਲ ਸਿੱਧੀ ਬੀਜੀ ਝੋਨੇ ਦੀ ਫ਼ਸਲ ਕਾਮਯਾਬ ਹੈ। ਛੱਟੇ ਵਾਲੀ ਬਿਜਾਈ ਵਿੱਚ ਕੱਖ ਹੋਣ ਜਾਂ ਖੇਤ ਵਿੱਚ ਤਰੇੜਾਂ ਪੈਣ ਦਾ ਡਰ ਵੀ ਰਹਿੰਦਾ ਹੈ ਪਰ ਕਿਸਾਨ ਛੱਟੇ ਵਾਲੀ ਨੂੰ ਲਾਹੇਵੰਦ ਦੱਸ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune