ਕਿਸਾਨਾਂ ਨੇ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਵੱਲ ਕੀਤੀ ਚੜ੍ਹਾਈ

November 27 2020

ਅੱਜ ਮਾਲਵੇ ਖ਼ਿੱਤੇ ਤੋਂ ਵੱਖ-ਵੱਖ ਯੂਨੀਅਨਾਂ ਦੇ ਝੰਡੇ ਹੇਠ ਕਿਸਾਨ ਦਿੱਲੀ ਲਈ ਟਰੈਕਟਰ, ਟਰਬਾਲੀਆਂ, ਟੈਂਪੂਆਂ, ਬੱਸਾਂ ਆਦਿ ’ਤੇ ਰਵਾਨਾ ਹੋਏ। ਅੱਜ ਸਵੇਰੇ ਪਿੰਡਾਂ ਦੀਆਂ ਸੱਥਾਂ ਵਿੱਚ ਕਿਸਾਨ ਝੰਡੇ ਫੜ ਕੇ ਦਿੱਲੀ ਫ਼ਤਹਿ ਕਰਨ ਦਾ ਪ੍ਰਣ ਲੈਂਦਿਆਂ ਜੈਕਾਰੇ ਬੁਲਾਉਂਦੇ ਹੋਏ ਗੁਆਂਢੀ ਸੂਬੇ ਹਰਿਆਣਾ ਦੀਆਂ ਹੱਦਾਂ ਰਾਹੀਂ ਦਾਖ਼ਲ ਹੋਏ ਅਤੇ ਹਰਿਆਣਾ ਸਰਕਾਰ ਵੱਲੋਂ ਕਰਵਾਈ ਗਈ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵਧੇ। ਕੁਝ ਜਥੇਬੰਦੀਆਂ ਹਰਿਆਣਾ ਵੱਲੋਂ ਕੀਤੀ ਨਾਕਾਬੰਦੀ ’ਤੇ ਅਟਕ ਗਈਆਂ ਹਨ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕੁਝ ਕਿਸਾਨ ਡੱਬਵਾਲੀ ਹੱਦ ’ਤੇ ਰੁਕੇ ਹੋਏ ਹਨ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਟਰੱਕਾਂ ਨੂੰ ਸੜਕ ’ਤੇ ਟੇਢੇ ਖੜੇ ਕੀਤਾ ਹੋਇਆ ਹੈ ਅਤੇ ਹਾਲੇ ਜਥੇਬੰਦੀ ਨੇ ਇੱਥੇ ਰੁਕਣ ਦਾ ਫ਼ੈਸਲਾ ਲਿਆ ਹੈ। ਅਗਲੀ ਰਣਨੀਤੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਕਿਸਾਨਾਂ ਦੇ ‘ਦਿੱਲੀ ਚੱਲੋ’ ਸੱਦੇ ਤਹਿਤ ਵੱਡੀ ਗਿਣਤੀ ਕਿਸਾਨ ਸਬ-ਡਿਵੀਜ਼ਨ ਸਰਦੂਲਗੜ੍ਹ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਅਖੀਰਲੇ ਪਿੰਡ ਅਹਾਲੂਪੁਰ ਨੇੜੇ ਹਰਿਆਣੇ ਦਾ ਹਾਂਸਪੁਰ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਪ੍ਰਵੇਸ਼ ਕਰ ਕੇ ਦਿੱਲੀ ਵੱਲ ਵਧ ਗਏ। ਕਿਸਾਨ ਯੂਨੀਅਨਾਂ ਦੀ ਅਗਵਾਈ ਹੇਠ ਫ਼ਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਕਿਸਾਨ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਹਾਂਸਪੁਰ ਬੈਰੀਕੇਡ ਤੋੜ ਕੇ ਹਰਿਆਣਾ ਵਿੱਚ ਦਾਖ਼ਲ ਹੋਏ। ਇਸ ਮੌਕੇ ਹਰਿਆਣਾ ਪੁਲੀਸ ਦੇ ਮੁਲਾਜ਼ਮ ਅਤੇ ਅਧਿਕਾਰੀ ਬੇਬਸ ਨਜ਼ਰ ਆਏ।

‘ਦਿੱਲੀ ਚੱਲੋ’ ਸੱਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਮਾਲਵਾ ਦੇ ਛੇ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਕਿਸਾਨ ਸੈਂਕੜੇ ਟਰੈਕਟਰ-ਟਰਾਲੀਆਂ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕ ਕੇ ਜੈਕਾਰਿਆਂ ਦੀ ਗੂੰਜ ਨਾਲ ਦਿੱਲੀ ਲਈ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਅਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਦਿੱਲੀ ਦੇ ਤਖ਼ਤ ਨਾਲ ਲੜਾਈ ਲੜਨ ਲਈ ਕਿਸਾਨ ਸਿਰਾਂ ’ਤੇ ਕਫ਼ਨ ਬੰਨ੍ਹ ਕੇ ਰਵਾਨਾ ਹੋਏ ਹਨ। ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਕਿਸਾਨ ਕਾਫ਼ਲੇ ਵਿੱਚ ਬਠਿੰਡਾ, ਬਰਨਾਲਾ, ਫ਼ਰੀਦਕੋਟ, ਫਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਸਨ।

ਬੱਧਨੀਂ ਕਲਾਂ ਦੇ ਪਿੰਡਾਂ ਵਿੱਚੋਂ ਦੋ ਸੌ ਟਰੈਕਟਰ, ਦਸ ਬੱਸਾਂ ਤੇ ਦਰਜਨ ਦੇ ਕਰੀਬ ਕਾਰਾਂ ਵਿੱਚ ਸੈਂਕੜੇ ਕਿਸਾਨਾਂ ਤੇ ਸਮਰਥਕਾਂ ਦੇ ਵੱਡੇ ਕਾਫ਼ਲੇ ਨੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਸੁਦਾਗਰ ਸਿੰਘ ਖਾਈ, ਜੰਗੀਰ ਸਿੰਘ ਹਿੰਮਤਪੁਰਾ, ਕੇਵਲ ਸਿੰਘ ਬੱਧਨੀ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕੀਤਾ। ਪਿੰਡ ਰੌਂਤਾ ਵਿੱਚ ਜਗਸੀਰ ਸਿੰਘ ਰੌਂਤਾ, ਮੇਜਰ ਸਿੰਘ ਮਾਨ, ਐਡਵੋਕੇਟ ਕੁਲਦੀਪ ਸਿੰਘ, ਸਰਪੰਚ ਬਲਰਾਮ ਸਿੰਘ ਨੇ ਕਿਹਾ ਕਿ ਹੁਣ ਦਿੱਲੀ ਦੂਰ ਨਹੀਂ ਹੈ, ਕਿਸਾਨ ਜਿੱਤ ਕੇ ਹੀ ਮੁੜਨਗੇ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਕਿਸਾਨਾਂ ਨੇ ਅੱਜ ਦਿੱਲੀ ਵੱਲ ਚਾਲੇ ਪਾਏ। ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਦੱਸਿਆ ਕਿ ਦਿੱਲੀ ਦੇ ਘਿਰਾਓ ਲਈ ਭੁੱਚੋ ਇਲਾਕੇ ਦੇ ਪਿੰਡਾਂ ਤੋਂ ਲਗਪਗ 40 ਟਰਾਲੀਆਂ ਅਤੇ 10 ਬੱਸਾਂ ਕਿਸਾਨਾਂ ਦੀਆਂ ਰਵਾਨਾ ਹੋ ਗਈਆਂ ਹਨ। ਇਨ੍ਹਾਂ ਵਿੱਚ ਇਸਤਰੀ ਵਿੰਗ ਦੀ ਆਗੂ ਸੁਖਜੀਤ ਕੌਰ ਅਤੇ ਜਸਵੀਰ ਕੌਰ ਦੀ ਅਗਵਾਈ ਹੇਠ ਬੀਬੀਆਂ ਸ਼ਾਮਲ ਹਨ।

ਪਿੰਡ ਚੀਮਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਿੱਲੀ ਲਈ ਨਾਅਰਿਆਂ ਦੀ ਗੂੰਜ ’ਚ ਰਵਾਨਾ ਹੋਏ। ਜਥੇਬੰਦੀ ਆਗੂ ਬਲਵੰਤ ਸਿੰਘ ਨੰਬਰਦਾਰ, ਹਰਬੰਸ ਸਿੰਘ ਹਰੀ ਅਤੇ ਗੁਰਮੀਤ ਸਿੰਘ ਨੇ ਕਿਸਾਨਾਂ ਦੀ ਅਗਵਾਈ ਕੀਤੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਥੇ ਲੱਖੇਵਾਲੀ ਅਤੇ ਭਾਗਸਰ ਤੋਂ ਦਿੱਲੀ ਜਾਣ ਲਈ ਰਵਾਨਾ ਹੋਏ। ਲੱਖੇਵਾਲੀ ਇਕਾਈ ਤੋਂ ਪ੍ਰਧਾਨ ਹਰਚਰਨ ਸਿੰਘ ਅਤੇ ਪਿੰਡ ਭਾਗਸਰ ਤੋਂ ਜ਼ਿਲ੍ਹਾ ਆਗੂ ਗੁਰਾਂਦਿੱਤਾ ਸਿੰਘ ਭਾਗਸਰ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਭਰੇ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਾਉਂਦਿਆਂ ਰਵਾਨਾ ਹੋਏ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਜਥਾ ਪਿੰਡ ਮਧੀਰ ਤੋਂ ਰਵਾਨਾ ਹੋਇਆ। ਟੀ.ਐੱਸ.ਯੂ., ਠੇਕਾ ਮੁਲਾਜ਼ਮ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨਾਂ ਦੇ ਕਾਫ਼ਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕਿਸਾਨ ਆਗੂ ਪੂਰਨ ਸਿੰਘ ਦੋਦਾ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਸੰਘਰਸ਼ ਜਾਰੀ ਰੱਖਣਗੇ।

ਕਸਬਾ ਸ਼ਹਿਣਾ ’ਚੋਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਅੱਜ 3 ਕਾਫ਼ਲੇ ਰਵਾਨਾ ਹੋਏ। ਕਿਸਾਨ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਫ਼ਤਹਿਗੜ੍ਹ, ਬੱਲੋਕੇ, ਉਗੋਕੇ, ਸੁਖਪੁਰਾ ਤੋਂ ਵੀ ਕਿਸਾਨ ਰਵਾਨਾ ਹੋਏ ਹਨ।

ਆਲ ਇੰਡੀਆ ਕਿਸਾਨ ਮਹਾ ਸਭਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਅੰਨਦਾਤਾ ਨਾਲ ਹੱਦਾਂ ’ਤੇ ਨਾਕੇ ਲਾ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ ਉਸ ਨੂੰ ਹੁਣ ਚੰਡੀਗੜ੍ਹ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵੱਲੋਂ ਧਾਰੀ ਚੁੱਪੀ ਕਾਰਨ ਉਸ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਸ ਨੂੰ ਹੁਣ ਹਰਿਆਣਾ ਸਰਕਾਰ ਵਿੱਚੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਹ ਮਾਨਸਾ ਤੋਂ ਕਿਸਾਨ ਜਥਿਆਂ ਦੇ ਦਿੱਲੀ ਰਵਾਨਾ ਹੋਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune