ਕਿਸਾਨਾਂ ਨੇ ਰੇਲ ਪਟੜੀਆਂ ਖਾਲੀ ਕੀਤੀਆਂ

November 07 2020

ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦੇ ਐਲਾਨ ’ਤੇ ਅਮਲ ਕਰਦਿਆਂ ਕਿਸਾਨਾਂ ਨੇ ਰਲਵੇ ਲਾਈਨਾਂ ਤੋਂ ਦੂਰੀ ਬਣਾ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਣਾਂਵਾਲੀ ਅਤੇ ਰਾਜਪੁਰਾ ’ਚ ਨਿੱਜੀ ਥਰਮਲਾਂ ਨੂੰ ਜਾਂਦੀਆਂ ਰੇਲ ਪਟੜੀਆਂ ਤੋਂ ਵੀ ਧਰਨਾ ਚੁੱਕ ਲਿਆ ਹੈ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨਾਂ ਨੇ ਰੇਲ ਲਾਈਨ ਖਾਲੀ ਕਰਕੇ ਥਰਮਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪੁਲੀਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਦਸਤਿਆਂ ਨੇ ਅੱਜ ਰੇਲ ਪਟੜੀਆਂ ’ਤੇ ਸਾਂਝੀ ਗਸ਼ਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਦੀ ਆਵਾਜਾਈ ’ਚ ਕੋਈ ਵੀ ਵਿਘਨ ਨਾ ਪਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਯਾਤਰੂ ਗੱਡੀਆਂ ਪੰਜਾਬ ਵਿੱਚ ਚੱਲਣ ਨਹੀਂ ਦਿੱਤੀਆਂ ਜਾਣਗੀਆਂ। ਉਧਰ ਸੂਤਰਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਾਰੀਆਂ ਰੇਲ ਗੱਡੀਆਂ ਚਲਾਈਆਂ ਜਾਣ ਅਤੇ ਸੁਰੱਖਿਆ ਦਾ ਬੰਦੋਬਸਤ ਰਾਜ ਸਰਕਾਰ ਕਰੇਗੀ। ਸੂਬੇ ਵਿੱਚ ਰੇਲ ਗੱਡੀਆਂ ਚਲਾਉਣ ਦਾ ਅੰਤਿਮ ਫੈਸਲਾ ਰੇਲਵੇ ਵਿਭਾਗ ਵੱਲੋਂ ਹੀ ਲਿਆ ਜਾਣਾ ਹੈ। ਸੂਬੇ ਵਿੱਚ 24 ਸਤੰਬਰ ਤੋਂ ਰੇਲਾਂ ਦੀ ਆਵਾਜਾਈ ਠੱਪ ਹੈ। ਸੂਬੇ ਵਿੱਚ ਮਹਿਜ਼ ਦੋ ਦਿਨ ਹੀ ਮਾਲ ਗੱਡੀਆਂ ਚੱਲ ਸਕੀਆਂ ਸਨ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ 7 ਨਵੰਬਰ ਤੱਕ ਪੰਜਾਬ ਅੰਦਰ ਰੇਲਾਂ ਨਾ ਚਲਾਉਣ ਦਾ ਫੈਸਲਾ ਕੀਤਾ ਸੀ। ਰੇਲ ਗੱਡੀਆਂ ਨਾ ਚੱਲਣ ਕਾਰਨ ਸੂਬੇ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਵੀ ਮਾਲ ਗੱਡੀਆਂ ਨੂੰ 21 ਨਵੰਬਰ ਤੱਕ ਲਾਂਘਾ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੇ ਤਾਂ 21 ਅਕਤੂਬਰ ਤੋਂ ਰੇਲਵੇ ਟਰੈਕ ਉਤੋਂ ਆਪਣੇ ਧਰਨੇ ਚੁੱਕ ਲਏ ਸਨ ਪਰ ਸਰਕਾਰ ਦੇ ਪੱਲੇ ਝੂਠ ਬੋਲਣ ਤੋਂ ਬਿਨਾਂ ਕੁਝ ਵੀ ਨਹੀਂ ਹੈ। ਊਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਅੜੀਅਲ ਵਤੀਰੇ ਤੋਂ ਇੰਜ ਜਾਪਦਾ ਹੈ ਕਿ ਊਸ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਜਿਵੇਂ ਕੋਈ ਸਰੋਕਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਲਈ ਅਗਲੇ ਛੇ ਮਹੀਨਿਆਂ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਵੱਲੋਂ ਅਜੇ ਵੀ ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਨਾ ਕੀਤੀ ਗਈ ਤਾਂ ਵਿਦੇਸ਼ੀ ਤਾਕਤਾਂ ਦੁਆਰਾ ਆਪਣੇ ਲੋਟੂ-ਜਾਬਰ ਫੈਸਲੇ ਠੋਸਣ ਲਈ ਨਿਰਭਰ ਦੇਸ਼ਾਂ ਦੀ ਆਰਥਿਕ ਨਾਕਾਬੰਦੀ ਕਰਨ ਵਾਲੀ ਇਸ ਦੀ ਬਦਲਾਖੋਰ ਸਾਮਰਾਜੀ ਨੀਤੀ ਉੱਤੇ ਪੱਕੀ ਮੋਹਰ ਲੱਗ ਜਾਵੇਗੀ।

ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹਨ। ਕਿਸਾਨਾਂ ਵੱਲੋਂ ਅੰਬਾਨੀ ਅਤੇ ਅੰਡਾਨੀ ਦੀ ਮਾਲਕੀ ਵਾਲੇ ਕਾਰੋਬਾਰੀ ਟਿਕਾਣਿਆਂ ਦਾ ਘਿਰਾਓ ਜਾਰੀ ਹੈ। ਇਸ ਦੇ ਨਾਲ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਅਤੇ ਟੌਲ ਪਲਾਜ਼ਿਆਂ ਦਾ ਘਿਰਾਓ ਵੀ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਵੀ 35 ਥਾਵਾਂ ’ਤੇ ਅਣਮਿੱਥੇ ਸਮੇਂ ਦੇ ਜਾਰੀ ਰਹੇ। ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਬਿਆਨ ਰਾਹੀਂ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਤੇ ਕਾਰਪੋਰੇਟ ਪੱਖੀ ਅੜੀਅਲ ਵਤੀਰੇ ਅਤੇ ਹੰਕਾਰਗ੍ਰਸਤ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਖੇਤੀ ਰੁਝੇਵਿਆਂ ਦੇ ਬਾਵਜੂਦ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਊਨ੍ਹਾਂ ਦੇ ਹਮਾਇਤੀ ਧਰਨਿਆਂ ’ਚ ਸ਼ਮੂਲੀਅਤ ਕਰ ਰਹੇ ਹਨ। ਊਨ੍ਹਾਂ ਕਿਹਾ ਕਿ ਨਿੱਜੀ ਥਰਮਲਾਂ ਦੀਆਂ ਅੰਦਰੂਨੀ ਸਪਲਾਈ ਲਾਈਨਾਂ ਤੋਂ ਵੀ ਪਾਸੇ ਗੇਟਾਂ ਅੱਗੇ ਧਰਨੇ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune