ਕਿਸਾਨਾਂ ਨੇ ਖੇਤੀ ਕਾਨੂੰਨਾਂ ’ਤੇ ਗੱਡਿਆ ਝਾੜ ਦਾ ਝੰਡਾ

November 05 2020

ਪੰਜਾਬ ਦੇ ਕਿਸਾਨਾਂ ਨੇ ਐਤਕੀਂ ਝੋਨੇ ਦੇ ਝਾੜ ’ਚ ਮੱਲ ਮਾਰੀ ਹੈ। ਕੇਂਦਰੀ ਖੇਤੀ ਕਾਨੂੰਨਾਂ ਦੇ ਹੱਲੇ ਦੇ ਬਾਵਜੂਦ ਕਿਸਾਨਾਂ ਨੇ ਪਿੱਠ ਨਹੀਂ ਦਿਖਾਈ। ਝੋਨੇ ਦਾ ਝਾੜ ਏਨਾ ਵਧਿਆ ਹੈ ਕਿ ਸਰਕਾਰੀ ਖਰੀਦ ਪ੍ਰਬੰਧ ਵੀ ਡਗਮਗਾ ਗਏ ਹਨ। ਖੁਰਾਕ ਤੇ ਸਪਲਾਈ ਮਹਿਕਮੇ ਨੇ ਖਰੀਦ ਦੇ ਵਾਧੂ ਇੰਤਜ਼ਾਮ ਕਰਨ ਵਾਸਤੇ ਭਲਕੇ ਮੀਟਿੰਗ ਸੱਦੀ ਹੈ। ਹਰ ਜ਼ਿਲ੍ਹੇ ਵਿਚ ਵਧੇ ਝਾੜ ਦੇ ਮੱਦੇਨਜ਼ਰ ਬਾਰਦਾਨੇ ਅਤੇ ਭੰਡਾਰਨ ਆਦਿ ਦੇ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਤਕੀਂ ਝੋਨੇ ਦੀ 172 ਲੱਖ ਮੀਟਰਿਕ ਟਨ ਦੀ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਗਿਆ ਸੀ ਪ੍ਰੰਤੂ ਝਾੜ ਨੂੰ ਦੇਖਦੇ ਹੋਏ ਇਹ ਪੈਦਾਵਾਰ 188 ਲੱਖ ਮੀਟਰਿਕ ਟਨ ਦੇ ਨੇੜੇ-ਤੇੜੇ ਪੁੱਜਣ ਦੀ ਆਸ ਹੈ। ਅੰਦਾਜ਼ੇ ਅਨੁਸਾਰ ਕਰੀਬ 18 ਲੱਖ ਮੀਟਰਿਕ ਟਨ ਝੋਨਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਆਏਗਾ। ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪਹਿਲਾਂ ਹੀ 70 ਫ਼ੀਸਦ ਬਾਰਦਾਨੇ ਦਾ ਪ੍ਰਬੰਧ ਚੌਲ ਮਿੱਲ ਮਾਲਕਾਂ ਨੂੰ ਕਰਨ ਲਈ ਆਖਿਆ ਗਿਆ ਹੈ ਜਦੋਂਕਿ ਵਿਭਾਗ ਵਲੋਂ 30 ਫ਼ੀਸਦ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਸੀ। ਹੁਣ ਜਦੋਂ ਝਾੜ ਵਧ ਗਿਆ ਹੈ ਤਾਂ ਖੁਰਾਕ ਤੇ ਸਪਲਾਈ ਵਿਭਾਗ ਨੇ ਕੇਂਦਰ ਸਰਕਾਰ ਨੂੰ ਪੱਤਰ ਭੇਜ ਕੇ ਪੰਜ ਫ਼ੀਸਦ ਬੀ-ਕਲਾਸ ਬਾਰਦਾਨਾ ਵਰਤਣ ਦੀ ਪ੍ਰਵਾਨਗੀ ਮੰਗੀ ਹੈ।  

ਪੰਜਾਬ ਮੰਡੀ ਬੋਰਡ ਅਨੁਸਾਰ ਖਰੀਦ ਕੇਂਦਰਾਂ ਵਿਚ ਹੁਣ ਤੱਕ 164 ਲੱਖ ਮੀਟਰਿਕ ਟਨ ਝੋਨਾ ਖਰੀਦ ਲਈ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ 100 ਲੱਖ ਮੀਟਰਿਕ ਟਨ ਝੋਨਾ ਪੁੱਜਿਆ ਸੀ। ਇਸ ਵਾਰ ਝੋਨੇ ਦੀ ਖ਼ਰੀਦ ਵੀ ਹਫਤਾ ਪਹਿਲਾਂ ਸ਼ੁਰੂ ਹੋ ਗਈ ਸੀ। ਮਾਰਕਫੈੱਡ ਬਠਿੰਡਾ ਦੇ ਜ਼ਿਲ੍ਹਾ ਮੈਨੇਜਰ ਐੱਚ.ਐਸ. ਧਾਲੀਵਾਲ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਕਰੀਬ ਡੇਢ ਲੱਖ ਮੀਟਰਿਕ ਟਨ ਜ਼ਿਆਦਾ ਖ਼ਰੀਦ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਝਾੜ ਨੂੰ ਦੇਖਦੇ ਹੋਏ ਖ਼ਰੀਦ ਪ੍ਰਬੰਧਾਂ ਵਿਚ ਵਾਧਾ ਕਰ ਰਹੇ ਹਨ। ਮਾਨਸਾ ਦੇ ਪਿੰਡ ਹੋਡਲਾ ਕਲਾਂ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਝੋਨੇ ਦਾ ਝਾੜ ਪ੍ਰਤੀ ਏਕੜ ਦੋ ਤੋਂ ਤਿੰਨ ਕੁਇੰਟਲ ਤੱਕ ਜ਼ਿਆਦਾ ਹੈ ਅਤੇ ਦਾਣਿਆਂ ਵਿਚ ਐਤਕੀਂ ਥੋਥਾਪਣ ਨਹੀਂ ਹੈ। ਨਾਭਾ ਸਬ ਡਿਵੀਜ਼ਨ ਦੇ ਪਿੰਡ ਰੋਹਟੀ ਖਾਸ ਦੇ ਕਿਸਾਨ ਕਰਮ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਮੌਸਮ ਦੀ ਕਰੋਪੀ ਤੋਂ ਬਚਾਅ ਰਿਹਾ ਹੈ ਅਤੇ ਪ੍ਰਤੀ ਏਕੜ ਪੌਣੇ ਪੰਜ ਕੁਇੰਟਲ ਜ਼ਿਆਦਾ ਝਾੜ ਨਿਕਲਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੇ ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਅਨੁਕੂਲ ਮੌਸਮ ਕਰਕੇ ਝੋਨੇ ਦਾ ਝਾੜ ਵਧਿਆ ਹੈ। ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਨੇ ਦੱਸਿਆ ਕਿ ਹੁਣ ਤੱਕ ਰੁਝਾਨ ਅਨੁਸਾਰ ਪੰਜਾਬ ਵਿਚ ਝੋਨੇ ਦੀ ਬੰਪਰ ਪੈਦਾਵਾਰ ਹੈ, ਜੋ ਕਿ 188 ਲੱਖ ਮੀਟਰਿਕ ਟਨ ਤੱਕ ਪੁੱਜਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ਚੰਗੀ ਹੋਣ ਕਰਕੇ ਪ੍ਰਤੀ ਏਕੜ ਪਿੱਛੇ ਤਿੰਨ ਤੋਂ 3.5 ਕੁਇੰਟਲ ਝਾੜ ਵੱਧ ਆ ਰਿਹਾ ਹੈ। ਐਤਕੀਂ ਝੋਨੇ ਹੇਠ ਕਰੀਬ 21.5 ਲੱਖ ਹੈਕਟੇਅਰ ਰਕਬਾ ਸੀ ਜਦੋਂ ਕਿ ਬਾਸਮਤੀ ਹੇਠ ਕਰੀਬ 6 ਲੱਖ ਹੈਕਟੇਅਰ ਰਕਬਾ ਸੀ। ਬੀ.ਕੇ.ਯੂ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਭਾਵੇਂ ਖੇਤੀ ਕਾਨੂੰਨਾਂ ਨੇ ਸਿੱਧੀ ਖੇਤਾਂ ਨੂੰ ਸੱਟ ਮਾਰੀ ਹੈ ਪ੍ਰੰਤੂ ਇਸ ਦੇ ਬਾਵਜੂਦ ਕਿਸਾਨਾਂ ਨੇ ਪਸੀਨਾ ਵਹਾ ਕੇ ਪੈਦਾਵਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਹੈ ਕਿ ਝੋਨੇ ਦਾ ਝਾੜ ਰਿਕਾਰਡ ਵਧਿਆ ਹੈ, ਜਿਸ ਕਰਕੇ ਹੁਣ ਖਰੀਦ ਦੇ ਵਾਧੂ ਇੰਤਜ਼ਾਮ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਬਾਰਦਾਨੇ ਦੇ ਪ੍ਰਬੰਧਾਂ ਲਈ ਬੀ ਕਲਾਸ ਬਾਰਦਾਨਾ ਵਰਤਣ ਵਾਸਤੇ ਕੇਂਦਰ ਤੋਂ ਪ੍ਰਵਾਨਗੀ ਮੰਗੀ ਹੈ ਅਤੇ ਬਾਕੀ ਬਾਰਦਾਨਾ, ਜੋ ਰਸਤੇ ਵਿਚ ਫਸਿਆ ਹੋਇਆ ਹੈ, ਨੂੰ ਸੜਕੀ ਰਸਤੇ ਲਿਆਉਣ ਦੀ ਵਿਉਂਤ ਬਣਾਈ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune