ਕਿਸਾਨਾਂ ਨੂੰ ਮੰਦਹਾਲੀ ‘ਚੋ ਕੱਢਣਾ ਸਰਕਾਰ ਦਾ ਇਖਲਾਕੀ ਫ਼ਰਜ਼ : ਗੁਰਮੀਤ ਸਿੰਘ ਖੁੱਡੀਆਂ

September 28 2023

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾਂ ਤਤਪਰ ਹੈ। ਉਨ੍ਹਾਂ ਨੂੰ ਮੰਦਹਾਲੀ ਵਿੱਚੋਂ ਕੱਢਣ ਲਈ ਯਤਨਸ਼ੀਲ ਹੈ। ਛੋਟੇ ਕਿਸਾਨਾਂ ਦੀ ਬਾਂਹ ਫ਼ੜਨਾ ਪੰਜਾਬ ਸਰਕਾਰ ਦਾ ਇਖ਼ਲਾਕੀ ਫ਼ਰਜ਼ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ, ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਲਗਾਏ ਗਏ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ, ਨਾਮੀ ਵਿਗਿਆਨਕ ਡਾ. ਗੁਰਦੇਵ ਸਿੰਘ ਖੁਸ਼ ਅਤੇ ਐਸਡੀਐਮ ਬਠਿੰਡਾ ਮੈਡਮ ਇਨਾਯਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਕੈਬਨਿਟ ਮੰਤਰੀ  ਖੁੱਡੀਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਸਾਨਾਂ ਦੀ ਮਾਂ ਦੱਸਦਿਆਂ ਕਿਹਾ ਕਿ ਕਿਸਾਨ ਮੇਲੇ ਕਿਸਾਨੀ ਨੂੰ ਸਹੀ ਦਿਸ਼ਾ ਦੇਣ ਦੇ ਲਈ ਚੰਗਾ ਸੰਕੇਤ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਦੋਪਾਸੜਾ ਮੇਲ ਹੁੰਦੇ ਹਨ ਜਿਸ ਨਾਲ ਵਿਗਿਆਨੀ ਕਿਸਾਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ਨਵੀਆਂ ਖੋਜਾਂ ਦਾ ਮੁੱਢ ਬੱਨਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨੀ ਦੀ ਹਾਲਤ ਨੂੰ ਉਚਾ ਚੁੱਕਣ ਦੇ ਲਈ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਵੀ ਕੀਤੀ। 

ਸ. ਖੁੱਡੀਆਂ ਨੇ ਇਸ ਗੱਲ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਖੇਤਰ ਦੇ ਵਿੱਚ ਪਾਏ ਯੋਗਦਾਨ ਕਾਰਨ ਹੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਚੁਣੀ ਗਈ ਹੈ। ਉਨ੍ਹਾਂ ਕਿਹਾ ਕਿ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਇਹ ਕਿਸਾਨ ਮੇਲੇ ਖੇਤੀ ਗਿਆਨ ਦੇ ਮੇਲੇ ਹਨ। ਉਨ੍ਹਾਂ ਕੁਦਰਤੀ ਸੋਮਿਆ ਖਾਸ ਕਰਕੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਤਕਨੀਕਾ ਅਤੇ ਤਕਨਾਲੋਜੀਆਂ ਵਿਕਸਤ ਕਰਨ ਦੀ ਅਪੀਲ ਵੀ ਕੀਤੀ।  ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਖੇਤੀਬਾੜੀ ਨੀਤੀ ਲਾਗੂ ਕੀਤੀ ਜਾਵੇਗੀ ਅਤੇ ਇਸ ਮੌਕੇ ਉਨ੍ਹਾਂ ਨਕਲੀ ਦਵਾਈਆਂ, ਬੀਜ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ।

ਇਸ ਮੌਕੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ  ਪੰਜਾਬ ਪੀਰਾਂ, ਫਕੀਰਾਂ ਦੀ ਧਰਤੀ ਹੈ, ਇਸ ਉਪਜਾਊ ਧਰਤੀ ਤੇ ਮੇਲੇ ਲਗਦੇ ਹੀ ਰਹਿੰਦੇ ਹਨ ਪਰ ਇਹ ਮੇਲਾ ਸਾਡੇ ਕਿੱਤੇ ਨਾਲ ਜੁੜਿਆ ਹੋਇਆ ਕਿਸਾਨ ਮੇਲਾ ਹੈ। ਇਸ ਮੇਲੇ ਚੋ ਕਿਸਾਨ ਅਧੁਨਿਕ ਤਕਨੀਕਾਂ ਰਾਹੀਂ ਖੇਤੀ ਕਰਨਾ ਤੇ ਨਵੇਂ ਸੰਦਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਫਲਦਾਰ ਤੇ ਸਬਜ਼ੀਆਂ ਦੇ ਬੀਜ਼ ਆਦਿ ਖਰੀਦ ਕੇ ਲੈ ਕੇ ਜਾਂਦੇ ਹਨ।  ਉਨ੍ਹਾਂ ਕਿਹਾ ਕਿ  ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਕਣਕ ਦਾ 826 ਨਵਾਂ ਬੀਜ ਕਿਸਾਨਾਂ ਲਈ ਬਹੁਤ ਹੀ ਲਾਹੇਬੰਦ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਯੂਨੀਵਰਸਿਟੀ ਦਾ ਬੀਜ਼ ਬਾਹਰ ਨਹੀਂ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦਾ ਥੋੜਾ ਪ੍ਰਕੋਪ ਸੀ, ਜਿਸ ਤੇ ਤੁਰੰਤ ਖੇਤੀਬਾੜੀ ਵਿਭਾਗ ਵਲੋਂ ਨਿਯੁਕਤ ਕੀਤੀਆਂ ਟੀਮਾਂ ਨੇ ਕਾਬੂ ਪਾ ਲਿਆ।

ਇਸ ਦੌਰਾਨ ਉਨ੍ਹਾਂ ਹਾੜੀ ਦੀਆਂ ਫ਼ਸਲਾਂ ਦੇ ਮੱਦੇਨਜ਼ਰ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਤਾਬਚਾਂ ਜ਼ਰੂਰ ਖ਼ਰੀਦਣ ਤਾਂ ਜੋ ਉਹ ਆਧੁਨਿਕ ਤਰੀਕੇ ਨਾਲ ਖੇਤੀ ਕਰ ਸਕਣ ਤੇ ਆਪਣੀ ਫ਼ਸਲ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਣ।

ਇਸ ਮੌਕੇ ਡਾ. ਗੋਸਲ ਨੇ ਨੌਜਵਾਨਾਂ ਨੂੰ ਖੇਤੀ ਨੂੰ  ਇੱਕ ਕਾਰੋਬਾਰ ਕਿੱਤੇ ਵਜੋਂ ਅਪਨਾਉਣ ਦੀ ਸਲਾਹ ਦਿੰਦਿਆਂ ਕਿਹਾ  ਕਿ ਮੰਡੀਕਰਨ ਸਬੰਧੀ ਸੰਭਾਵਨਾਵਾਂ ਸਾਨੂੰ ਆਪ ਤਲਾਸ਼ਣੀਆਂ ਪੈਣਗੀਆਂ। ਉਨ੍ਹਾਂ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰ ਧੰਨਵਾਦ ਕੀਤਾ ਜਿਨ੍ਹਾਂ ਫਰੀਦਕੋਟ ਵਿਖੇ 1200 ਏਕੜ ਫਾਰਮ ਵਿਖੇ ਮਹੱਤਵਪੂਰਨ ਖੋਜਾਂ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ।  ਉਨ੍ਹਾਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਤੁਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਬਠਿੰਡੇ ਦਾ ਕਿਸਾਨ ਮੇਲਾ ਸਿਰਫ਼ ਪੰਜਾਬ ਹੀ ਨਹੀਂ ਗੁਆਢੀ ਰਾਜਾਂ ਦੇ ਲਈ ਵੀ ਇੱਕ ਮਹੱਤਵਪੂਰਨ ਮੇਲਾ ਹੁੰਦਾ ਹੈ। ਉਨ੍ਹਾਂ ਖੇਤਰੀ ਖੋਜ ਕੇਂਦਰ ਵਿੱਚ ਗੁਲਾਬੀ ਸੁੰਡੀ, ਚਿੱਟੀ ਮੱਖੀ ਆਦਿ ਕੀੜਿਆਂ ਬਾਰੇ ਮਹੱਤਵਪੂਰਨ ਖੋਜਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਨੂੰ ਅਪਨਾਉਣ ਲਈ ਕਿਹਾ ਅਤੇ ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਣਕ ਦੀ ਬਿਜਾਈ ਲਈ ਸਰਫੇਸ ਸੀਡਿੰਗ ਤਕਨੀਕ ਨੂੰ ਅਪਨਾਉਣ ਲਈ ਕਿਹਾ। ਡਾ ਗੋਸਲ ਨੇ ਖਾਸ ਕਰਕੇ ਕਿਸਾਨਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਸੰਯੁਕਤ ਖੇਤੀ ਮਾਡਲ ਜ਼ਰੂਰ ਦੇਖਣ ਅਤੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ 70 ਦੇ ਦਹਾਕੇ ਵਿੱਚ ਇਹ ਖੋਜ ਕੇਂਦਰ ਕ੍ਰਿਸਾਨੀ ਦੀ ਸੇਵਾ ਲਈ ਸਥਾਪਿਤ ਕੀਤਾ ਗਿਆ ਅਤੇ ਬੀਤੇ ਵਰ੍ਹੇ ਇਸ ਖੋਜ ਕੇਂਦਰ ਵਿੱਚ ਵਿਦਿਅਕ ਇੰਸਟੀਚਿਊਟ ਵੀ ਖੋਲਿਆ ਗਿਆ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਖੇਤੀ ਪ੍ਰਕਾਸ਼ਨਾਵਾਂ ਨਾਲ ਜੁੜਨ ਦੀ ਬੇਨਤੀ ਕੀਤੀ।

ਇਸ ਮੌਕੇ ਡਾ. ਖੁਸ਼ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਅਦਾਰੇ ਵੱਲੋਂ ਵਿਕਸਤ ਕਿਸਮ ਕਿਸਾਨਾਂ ਦੇ ਖੇਤ ਵਿੱਚ ਹੀ ਪਰਖ ਤੋਂ ਬਾਅਦ ਪਾਸ ਜਾਂ ਫੇਲ੍ਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਦੇ ਵਿੱਚ ਪੰਜਾਬੀ ਕੌਮ ਨੇ ਇੱਕ ਮਿਹਨਤੀ ਕੌਮ ਵਜੋਂ ਨਾਮ ਖੱਟਿਆ ਹੈ ਅਤੇ ਉਨ੍ਹਾਂ ਦੁਆਰਾ ਵਿਕਸਤ ਝੋਨੇ ਦੀਆਂ ਕਿਸਮਾਂ ਇਸ ਖੇਤਰ ਵਿੱਚ ਖੂਬ ਸਲਾਹੀਆਂ ਗਈਆਂ। ਮਨੁੱਖਤਾਂ ਨੂੰ ਭੁੱਖਮਰੀ ਦੇ ਸ਼ਿਕੰਜੇ ਵਿਚੋਂ ਕੱਢਣ ਲਈ ਸਾਨੂੰ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨਾ ਪਵੇਗਾ ਅਤੇ ਵਿਗਿਆਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਨਾਉਣ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਉਨ੍ਹਾਂ ਨੂੰ ਕਿਸਾਨਾਂ ਦੇ ਨਾਲ ਮਿਲ ਕੇ ਪ੍ਰਾਪਤ ਹੁੰਦੀ ਹੈ.

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡਾ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 940 ਫ਼ਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚੋਂ 225 ਨੂੰ ਕੌਮਾਤਰੀ ਪੱਧਰ ਤੇ ਜਾਰੀ ਹੋਣ ਦਾ ਮਾਨ ਪ੍ਰਾਪਤ ਹੈ। ਉਨ੍ਹਾਂ ਵਿਸ਼ੇਸ਼ ਕਰਕੇ ਯੂਨੀਵਰਸਿਟੀ ਵੱਲੋਂ ਨਵੀਂ ਕਣਕ ਦੀ ਕਿਸਮ ਪੀ.ਬੀ.ਡਬਲਯੂ ਜਿੰਕ 2 ਅਤੇ ਪੀ.ਬੀ.ਡਬਲਯੂ 826 ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ. ਡਾ ਢੱਟ ਨੇ ਗੈਰ ਸਿਫ਼ਾਰਿਸ ਕਿਸਮਾਂ ਨੂੰ ਨਾ ਅਪਨਾਉਣ ਲਈ ਕਿਹਾ। ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਝੋਨੇ ਦੀ ਪਰਾਲੀ ਨਹੀਂ ਸਾੜਨੀ ਚਾਹੀਦੀ ਅਤੇ ਇਸ ਦੇ ਲਈ ਯੂਨੀਵਰਸਿਟੀ ਵੱਲੋਂ ਸੁਝਾਈਆਂ ਮਸ਼ੀਨਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਵਾਗਤੀ ਸਬਦ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾ ਗੁਰਮੀਤ ਸਿੰਘ ਬੁੱਟਰ ਨੇ ਕਹੇ। ਉਨ੍ਹਾਂ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਖੇਤੀ ਦੇ ਨਾਲ ਸਹਾਇਕ ਕਿੱਤਿਆਂ ਨੂੰ ਜ਼ਰੂਰ ਅਪਨਾਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਸਿਖਲਾਈਆਂ ਵੱਖ ਵੱਖ ਜਿਲ੍ਹਿਆ ਵਿੱਚ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਿਸਾਨਾਂ ਦੇ ਪਰਪੱਕ ਵਿਸ਼ਵਾਸ ਦੀ ਗਵਾਹੀ ਭਰਦਾ ਹੈ। 

ਮੰਚ ਸੰਚਾਲਨ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਸਟੇਸ਼ਨ ਦੇ ਵਿਗਿਆਨੀ ਡਾ ਗੁਰਜਿੰਦਰ ਸਿੰਘ ਰੁਮਾਣਾ ਨੇ ਬਾਖੂਬੀ ਕੀਤਾ। ਡਾ ਰਿਆੜ ਨੇ ਮੁੱਖ ਮਹਿਮਾਨ ਪਾਸੋ ਪ੍ਰਕਾਸ਼ਨਾਵਾਂ ਜਾਰੀ ਕਰਵਾਈਆਂ ਅਤੇ ਡਾ ਰੁਮਾਣਾ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਵੱਲੋਂ ਸੂਚਨਾ ਪਸਾਰੇ ਦੇ ਨਵੇਂ ਢੰਗਾਂ ਦੇ ਨਾਲ ਜੁੜਨਾ ਚਾਹੀਦਾ ਹੈ।

ਇਸ ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ। ਖੋਜ ਕੇਦਂਰ ਦੇ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਮੁੱਖ ਮਹਿਮਾਨ ਅਤੇ ਕਿਸਾਨਾਂ ਵੱਲੋਂ ਵਿਸ਼ੇਸ਼ ਸਲਾਹਿਆਂ ਗਿਆ। ਇਸ ਮੌਕੇ ਵੱਖ-ਵੱਖ ਵਿਸ਼ੇ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਮੁੱਖ ਪੰਡਾਲ ਤੋਂ ਪ੍ਰਦਾਨ ਕੀਤੀ ਗਈ।

ਇਸ ਦੌਰਾਨ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਨਿਰਦੇਸ਼ਕ ਡਾ. ਕਰਮਜੀਤ ਸਿੰਘ ਸੇਖੋਂ ਵਲੋਂ ਧੰਨਵਾਦੀ ਦੇ ਸ਼ਬਦ ਕਹੇ ਗਏ। ਇਸ ਦੌਰਾਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।

ਸਮਾਗਮ ਦੇ ਸ਼ੁਰੂ ਚ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਸਾਜੀ “ਭੋਲਾ ਬਠਿੰਡੇ ਵਾਲਾ” ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਤੇ ਤਾਲ ਦੇ ਸੁਮੇਲ ਨਾਲ ਢੋਲਕ ਵਜਾ ਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕੀਤਾ।

ਸਰੋਤ: babushahi.com