ਕਿਸਾਨਾਂ ਦੇ ਹੱਕ ’ਚ ਮੋਟਰਸਾਈਕਲ ਮਾਰਚ

March 19 2021

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵਲੋਂ ਅੱਜ ਜਗਰਾਉਂ ਸ਼ਹਿਰ ਤੋਂ ਇਲਾਵਾ ਇਲਾਕੇ ਭਰ ’ਚ ਜਥਾ ਮਾਰਚ ਕੀਤਾ ਗਿਆ। ਕਸਬਾ ਹਠੂਰ ਨੇੜਲੇ ਜ਼ਿਲ੍ਹੇ ਦੇ ਅਖੀਰਲੇ ਪਿੰਡ ਬੁਰਜ ਕਲਾਲਾਂ ਤੋਂ ਸ਼ਰੂ ਹੋਇਆ ਜਥਾ ਮਾਰਚ ਹਠੂਰ, ਫੇਰੂਰਾਈ, ਝੋਰੜਾਂ, ਅੱਚਰਵਾਲ, ਜੱਟਪੁਰਾ, ਲੰਮੇ, ਲੱਖਾ, ਮਾਣੂੰਕੇ, ਚਕਰ, ਮੱਲ੍ਹਾ, ਡੱਲਾ, ਭੰਮੀਪੁਰਾ, ਅਖਾੜਾ ਤੋਂ ਹੁੰਦਾ ਹੋਇਆ ਜਗਰਾਉਂ ’ਚ ਦਾਖ਼ਲ ਹੋਇਆ। ਇਥੇ ਰੈਲੀ ਕਰਨ ਤੋਂ ਬਾਅਦ ਮਾਰਚ ਦੇਰ ਸ਼ਾਮ ਰਸੂਲਪੁਰ ਵਿੱਚ ਸਮਾਪਤ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਸਿੰਘ ਮਾਣੂੰਕੇ ਅਤੇ ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਇਹ ਜਥਾ ਮਾਰਚ ਸੰਯੁਕਤ ਕਿਸਾਨ ਮੋਰਚਾ ਵੱਲੋਂ 23 ਮਾਰਚ ਦੇ ਦਿੱਤੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਜਥਾ ਮਾਰਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਕਾਫਲੇ ਦੇ ਰੂਪ ਵਿੱਚ ਪਹੁੰਚੇਗਾ। ਉਥੋਂ ਸ਼ਹੀਦ ਦੇ ਪਿੰਡ ਦੀ ਮਿੱਟੀ ਮੱਥੇ ’ਤੇ ਲਾ ਕੇ ਪ੍ਰਣ ਕਰਨ ਉਪਰੰਤ ਦਿੱਲੀ ਲਈ ਕੂਚ ਕਰੇਗਾ। ਦਿੱਲੀ ਦੀਆਂ ਬਰੂਹਾਂ ਵਿੱਚ 23 ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰੇਗਾ। ਇਸ ’ਚ ਸ਼ਾਮਲ ਨੌਜਵਾਨ ਕਿਸਾਨੀ ਸੰਘਰਸ਼ ਨੂੰ ਜਿੱਤ ਤੱਕ ਲੜਨ ਦਾ ਅਹਿਦ ਕਰਨਗੇ। ਇਥੇ ਰੈਲੀ ਨੂੰ ਜਥੇਬੰਦੀ ਦੇ ਆਗੂ ਬਲਵਿੰਦਰ ਕੋਠੇ ਪੋਨਾ, ਤਰਲੋਚਨ ਸਿੰਘ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਮਹਿੰਦਰ ਸਿੰਘ, ਜਸਵੰਤ ਸਿੰਘ, ਨਾਜ਼ਰ ਸਿੰਘ, ਹਰਪਾਲ ਸਿੰਘ, ਹਰਜਿੰਦਰ ਪਾਲ, ਕਰਮਜੀਤ ਸਿੰਘ, ਸਰਬਜੀਤ ਸਿੰਘ, ਬਹਾਦਰ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ ਪੋਨਾ, ਸੋਨੀ ਸਿੱਧਵਾਂ, ਮਨਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ।

ਅੱਜ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਮਿਥੇ ਪ੍ਰੋਗਰਾਮ ਅਨੁਸਾਰ ਪਿੰਡ ਬੁਰਜ ਕਲਾਲਾ ਤੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਹਠੂਰ, ਫੇਰੂਰਾਂਈ, ਅੱਚਰਵਾਲ, ਝੋਰੜਾਂ, ਜੱਟਪੁਰਾ, ਲੰਮੇ, ਮਾਣੂਕੇ, ਲੱਖਾ, ਚਕਰ, ਮੱਲ੍ਹਾ, ਡੱਲਾ, ਭੰਮੀਪੁਰਾ, ਅਖਾੜਾ ਤੋਂ ਜਗਰਾਂਓ ਹੁੰਦਾ ਹੋਇਆ ਪਿੰਡ ਰਸੂਲਪੁਰ ਵਿੱਚ ਸਮਾਪਤ ਹੋਇਆ। ਪਿੰਡ ਬੁਰਜ ਕਲਾਲਾ ’ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਨੌਜਵਾਨ ਭਾਰਤ ਸਭਾ ਕਰਮਜੀਤ ਸਿੰਘ ਮਾਣੂਕੇ, ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਇਸ ਮਾਰਚ ਦਾ ਉਦੇਸ਼ 23 ਮਾਰਚ ਨੂੰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦਿੱਲੀ ਵਿੱਚ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਮਹਿੰਦਰ ਸਿੰਘ, ਜਸਵੰਤ ਸਿੰਘ, ਨਾਜਰ ਸਿੰਘ, ਹਰਪਾਲ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਸਿੰਘ, ਬਹਾਦਰ ਸਿੰਘ ਬੁਰਜ ਕਲਾਲਾ, ਭੋਲਾ ਸਿੰਘ, ਵੀਰ ਸਿੰਘ, ਗੁਰਜੰਟ ਸਿੰਘ ਰਸੂਲਪੁਰ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।

ਜਗਰਾਉਂ ਤੇ ਚੌਂਕੀਮਾਨ ’ਚ ਧਰਨੇ ਜਾਰੀ

ਮੋਦੀ ਹਕੂਮਤ ਟੇਢੇ ਢੰਗ ਨਾਲ ਖੇਤੀ ਕਾਲੇ ਕਾਨੂੰਨ ਲਾਗੂ ਕਰਨ ਦੇ ਰਾਹ ਤੁਰ ਪਈ ਹੈ। ਐੱਫਸੀਆਈ ਵਲੋਂ ਪਹਿਲਾਂ ਕਿਸਾਨਾਂ ਨੂੰ ਫਰਦਾਂ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕਰਨ ਅਤੇ ਹੁਣ ਫਸਲਾਂ ਦੀ ਖਰੀਦ ਸਬੰਧੀ ਨਿਯਮ ਸਖ਼ਤ ਕਰਕੇ ਅਸਲ ’ਚ ਭਾਜਪਾ ਹਕੂਮਤ ਸੰਸਾਰ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ। ਇਹ ਪ੍ਰਗਟਾਵਾ ਇਥੇ 169ਵੇਂ ਦਿਨ ’ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ’ਚ ਆਗੂਆਂ ਨੇ ਕੀਤਾ। ਇਥੇ ਰੇਲਵੇ ਪਾਰਕ ’ਚ ਬੋਲਦਿਆਂ ਆਗੂਆਂ ਨੇ ਕਿਹਾ ਕਿ 19 ਮਾਰਚ ਨੂੰ ਕਿਸਾਨ ਪਹਿਲਾਂ ਰੇਲ ਪਾਰਕ ’ਚ ਇਕੱਤਰ ਹੋਣਗੇ ਅਤੇ ਫਿਰ ਦੁਪਹਿਰ ਇਕ ਵਜੇ ਨਵੀਂ ਦਾਣਾ ਮੰਡੀ ’ਚ ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਸਾਂਝੀ ਰੈਲੀ ਕਰ ਕੇ ਐੱਫਸੀਆਈ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ। ਕਿਸਾਨ ਆਗੂ ਹਰਚੰਦ ਸਿੰਘ ਢੋਲਣ, ਦਰਸ਼ਨ ਸਿੰਘ ਗਾਲਬ, ਚਮਕੌਰ ਸਿੰਘ ਦੌਧਰ, ਹਰਬੰਸ ਸਿੰਘ ਅਖਾੜਾ, ਧਰਮ ਸਿੰਘ ਸੂਜਾਪੁਰ, ਜਗਦੀਸ਼ ਸਿੰਘ ਨੇ ਦੱਸਿਆ ਕਿ ਤੇਈ ਮਾਰਚ ਦੇ ਸ਼ਹਾਦਤ ਦਿਵਸ ’ਤੇ ਦਿੱਲੀ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੂੰ ਭੇਜਣ ਅਤੇ 26 ਮਾਰਚ ਦੇ ਭਾਰਤ ਬੰਦ ਲਈ ਪਿੰਡਾਂ ’ਚ ਲਾਮਬੰਦੀ ਮੁਹਿੰਮ ਜ਼ੋਰਾਂ ’ਤੇ ਜਾਰੀ ਹੈ। ਅੱਜ ਬਲਾਕ ਜਗਰਾਉਂ ਦੇ ਪਿੰਡਾਂ ਬੱਸੂਵਾਲ, ਭੰਮੀਪੁਰਾ, ਚੀਮਾ, ਦੇਹੜਕਾ, ਡੱਲਾ ਵਿੱਚ ਸ਼ਹੀਦ ਭਗਤ ਸਿੰਘ ਕਲਾ ਮਚ ਚੜਿੱਕ ਦੇ ਕਲਾਕਾਰਾਂ ਨੇ ਕਿਸਾਨ ਸੰਘਰਸ਼ ਦੀਆਂ ਪਰਤਾਂ ਖੋਲ੍ਹਦਾ ਨਾਟਕ ‘ਡਰਨਾ’ ਪੇਸ਼ ਕੀਤਾ।

ਬੀਕੇਯੂ (ਡਕੌਂਦਾ) ਵੱਲੋਂ ਇਸਤਰੀ ਵਿੰਗ ਦੀ ਚੋਣ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਅੱਜ ਔਰਤਾਂ ਦੇ ਭਰਵੇਂ ਇਕੱਠ ’ਚ ਇਸਤਰੀ ਵਿੰਗ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਪਿੰਡ ਛੱਜਾਵਾਲ ਵਿੱਚ ਹੋਏ ਇਕੱਠ ਦੌਰਾਨ ਇਕਾਈ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ’ਚ ਹੋਈ ਚੋਣ ਸਮੇਂ ਦਲਜੀਤ ਕੌਰ ਨੂੰ ਪ੍ਰਧਾਨ, ਪਰਮਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਕੌਰ ਮੀਤ ਪ੍ਰਧਾਨ, ਸਿਮਰਜੀਤ ਕੌਰ ਸਕੱਤਰ, ਰਣਜੀਤ ਕੌਰ ਖ਼ਜ਼ਾਨਚੀ, ਹਰਜੀਤ ਕੌਰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸ਼ਿੰਦਰਪਾਲ ਕੌਰ, ਜਸਵਿੰਦਰ ਕੌਰ, ਨਸੀਬ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ, ਚਰਨਜੀਤ ਕੌਰ, ਹਰਜੀਤ ਕੌਰ, ਸਵਰਨਜੀਤ ਕੌਰ ਕਮੇਟੀ ਮੈਂਬਰ ਚੁਣੀਆਂ ਗਈਆਂ। ਚੋਣ ਮੌਕੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਅਤੇ ਸਕੱਤਰ ਮਾਸਟਰ ਜਗਤਾਰ ਸਿੰਘ ਦੇਹੜਕਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਾਰਚ ਪ੍ਰੋਗਰਾਮਾਂ ’ਚ ਪੁੱਜਣ ਦਾ ਸੱਦਾ ਦਿੱਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune