ਕਿਸਾਨਾਂ ਦੇ ਦਬਾਅ ਨੂੰ ਦੇਖਦਿਆਂ ਸਿਆਸੀ ਪਾਰਟੀਆਂ ਨੇ ਪੈਂਤੜੇ ਬਦਲੇ

October 23 2020

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸ਼੍ਰੋਮਣੀ ਕਮੇਟੀ ’ਤੋਂ ਬਾਦਲ ਦਾ ਕਬਜ਼ਾ ਤੋੜਨ ਲਈ ਉਮੀਦਵਾਰ ਖੜੇ ਕਰੇਗਾ ਜਿਹੜੇ ਨਿਰੋਲ ਧਾਰਮਿਕ ਉਮੀਦਵਾਰ ਹੋਣਗੇ। ਉਨ੍ਹਾਂ ਤੋਂ ਬਕਾਇਦਾ ਘੋਸ਼ਣਾ ਪੱਤਰ ਲਏ ਜਾਣਗੇ ਅਤੇ ਰਾਜਨੀਤਕ ਪਾਰਟੀ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਇਹ ਸ਼ਬਦ ਅੱਜ ਬਠਿੰਡਾ ਦੇ ਸਰਕਟ ਹਾਊਸ ਵਿਚ ਪ੍ਰੈੱਸ ਕਾਨਫ਼ਰੰਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਵੀ ਸਨ। ਮਿਸ਼ਨ 2022 ਦੀ ਤਿਆਰੀ ਵਿਚ ਰੁੱਝੇ ਪਰਮਿੰਦਰ ਸਿੰਘ ਢੀਂਡਸਾ ਨੇ ਬਠਿੰਡਾ ਪੁੱਜਣ ਮੌਕੇ ਪੰਜਾਬ ਦੀਆ ਵੱਖ ਵੱਖ ਪਾਰਟੀਆਂ ਨੂੰ ਆਪਣੇ ਨਿਸ਼ਾਨੇ ’ਤੇ ਰੱਖਿਆ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬਿੱਲਾਂ ਮੁਕਾਬਲੇ ਸਿਰਫ਼ ਸੋਧ ਬਿੱਲ ਹੀ ਲਿਆਂਦੇ ਹਨ, ਜਦੋਂ ਕਿ ਨਵੇਂ ਸਿਰੇ ਤੋਂ ਕਿਸਾਨ ਧਿਰਾਂ ਦੀ ਰਾਇ ਲੈ ਕਿ ਕਿਸਾਨ ਪੱਖੀ ਬਿੱਲ ਲਿਆਉਣ ਚਾਹੀਦੇ ਸਨ। ਉਨ੍ਹਾਂ ਕੈਪਟਨ ਵੱਲੋਂ ਜੇਬ ਵਿਚ ਪਏ ਅਸਤੀਫ਼ੇ ਨੂੰ ਰਾਜਨੀਤਕ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਰਾਜਨੀਤਕ ਪਾਰਟੀਆਂ ਨੇ ਚੁੱਪ ਸਾਧ ਰੱਖੀ ਜਦੋਂ ਪੰਜਾਬ ਦੇ ਕਿਸਾਨਾਂ ਦਾ ਰੋਹ ਸੜਕਾਂ ’ਤੇ ਆਇਆਂ ਤਾਂ ਪਾਰਟੀਆਂ ਨੂੰ ਆਪਣੇ ਪੈਂਤੜੇ ਬਦਲਣ ਲਈ ਮਜਬੂਰ ਹੋਣਾ ਪਿਆ।

ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅੱਜ ਪਿੰਡ ਲਹਿਰਾ ਬੇਗਾ ਵਿੱਚ ਜੱਥੇਦਾਰ ਮੱਖਣ ਸਿੰਘ ਦੇ ਘਰ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਲੋਕ ਸਭਾ ਵਿੱਚ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਨ ਦੀ ਬਜਾਏ ਉਨ੍ਹਾਂ ਦਾ ਵਿਰੋਧ ਕਰਦਾ, ਤਾਂ ਇਹ ਆਰਡੀਨੈਂਸ ਰੁਕ ਸਕਦੇ ਸਨ। ਉਨ੍ਹਾਂ ਕਿਹਾ ਕਿ ਆਪਣੀ ਸਿਆਸੀ ਸਾਖ ਬਚਾਉਣ ਲਈ ਬਾਦਲਾਂ ਵੱਲੋਂ ਆਪਣੇ ਪਹਿਲਾਂ ਲਏ ਫੈਸਲੇ ਤੋਂ ਪਲਟੀ ਮਾਰਦਿਆਂ ਕਿਸਾਨਾਂ ਦੇ ਹੱਕ ਵਿੱਚ ਖੜਨ ਦਾ ਡਰਾਮਾ ਸ਼ੁਰੂ ਕੀਤਾ ਹੈ। ਇਸ ਮੌਕੇ ਜਸਟਿਸ ਨਿਰਮਲ ਸਿੰਘ, ਭੋਲਾ ਸਿੰਘ ਗਿੱਲਪੱਤੀ, ਐਚਐਸ ਬਰਾੜ ਵੀ ਉਨ੍ਹਾਂ ਦੇ ਨਾਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune