ਕਿਸਾਨਾਂ ਦੇ ਇਕੱਠ ਨੇ ਟੌਲ ਪਲਾਜ਼ਾ ’ਤੇ ਪਰਚੀ ਸ਼ੁਰੂ ਨਾ ਹੋਣ ਦਿੱਤੀ

January 29 2021

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਰਚੀ ਮੁਕਤ ਕੀਤੇ ਗਏ ਭਾਵਦੀਨ ਟੌਲ ਪਲਾਜਾ ਨੂੰ ਕਿਸਾਨਾਂ ਦੇ ਇਕੱਠ ਦੇ ਚੱਲਦਿਆਂ ਮੁੜ ਤੋਂ ਪਰਚੀ ਸ਼ੁਰੂ ਨਹੀਂ ਕਰਵਾਈ ਜਾ ਸਕੀ। ਟੋਲ ਪਲਾਜੇ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਪਿਛਲੀ 25 ਦਸੰਬਰ ਤੋਂ ਟੌਲ ਪਲਾਜ਼ੇ ਨੂੰ ਕਿਸਾਨਾਂ ਨੇ ਪਰਚੀ ਮੁਕਤ ਕੀਤਾ ਹੋਇਆ ਹੈ।

ਭਾਵਦੀਨ ਟੌਲ ਪਲਾਜਾ ’ਤੇ ਅੱਜ ਪੁਲੀਸ ਬਲ ਵਧਾਇਆ ਗਿਆ ਤਾਂ ਉਥੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਇਸ ਦੀ ਸੂਚਨਾ ਪਿੰਡਾਂ ਵਿੱਚ ਕਿਸਾਨਾਂ ਨੂੰ ਦਿੱਤੀ ਜਿਸ ਮਗਰੋਂ ਵੱਡੀ ਗਿਣਤੀ ’ਚ ਕਿਸਾਨ ਟੌਲ ਪਲਾਜੇ ’ਤੇ ਇਕੱਠੇ ਹੋ ਗਏ। ਟੌਲ ਪਲਾਜੇ ’ਤੇ ਧਰਨਾ ਦੇ ਰਹੇ ਕਿਸਾਨ ਸਵਰਨ ਸਿੰਘ ਵਿਰਕ, ਡਾ. ਸੁਖਦੇਵ ਜੰਮੂ, ਰੋਸ਼ਨ ਸੁਚਾਨ, ਲਖਵੀਰ ਸਿੰਘ ਲੱਖਾ, ਹਰਵਿੰਦਰ ਥਿੰਦ ਆਦਿ ਨੇ ਦੱਸਿਆ ਕਿ ਟੌਲ ਪਲਾਜੇ ’ਤੇ ਮੁੜ ਤੋਂ ਪਰਚੀ ਸ਼ੁਰੂ ਕਰਨ ਦੇ ਮਕਸਦ ਨਾਲ ਪੁਲੀਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਕਿਸਾਨ ਕਿਸੇ ਵੀ ਸੂਰਤ ਵਿੱਚ ਉਦੋਂ ਤੱਕ ਟੌਲ ਪਲਾਜੇ ’ਤੇ ਪਰਚੀ ਸ਼ੁਰੂ ਨਹੀਂ ਹੋਣ ਦੇਣਗੇ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ।

ਉਧਰ, ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਇਕ ਕੰਪਨੀ ਟੌਲ ਪਲਾਜੇ ’ਤੇ ਇਸ ਲਈ ਤਾਇਨਾਤ ਕੀਤੀ ਗਈ ਹੈ ਕਿ ਕੋਈ ਵਿਅਕਤੀ ਟੋਲ ਪਲਾਜੇ ਨੂੰ ਨੁਕਸਾਨ ਨਾ ਪਹੁੰਚਾਏ। ਟੌਲ ’ਤੇ ਪਰਚੀ ਸ਼ੁਰੂ ਕੀਤੇ ਜਾਣ ਦੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਨੇ ਕਿਹਾ ਕਿ ਟੌਲ ਪਲਾਜੇ ਦੇ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਜੇ ਉਨ੍ਹਾਂ ’ਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਉਸ ਨੂੰ ਲਾਗੂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੀ 25 ਦਸੰਬਰ ਤੋਂ ਟੌਲ ਪਲਾਜੇ ਨੂੰ ਪਰਚੀ ਮੁਕਤ ਕੀਤਾ ਹੋਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune