ਕਿਸਾਨ ਸੰਘਰਸ਼: ਪੁਲੀਸ ਰੋਕਾਂ ਤੋੜ ਕੇ ਦਿੱਲੀ ਦੀ ਘੇਰਾਬੰਦੀ

November 27 2020

ਪੰਜਾਬ ਦੇ ਕਿਸਾਨਾਂ ਨੇ 26 ਅਤੇ 27 ਨਵੰਬਰ ਦੇ ਦਿੱਲੀ ਕੂਚ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅੱਜ ਹਰਿਆਣਾ ਪੁਲੀਸ ਵੱਲੋਂ ਦੋਹਾਂ ਰਾਜਾਂ ਦੀ ਸਰਹੱਦ ’ਤੇ ਪੈਂਦੇ ਕੌਮੀ ਅਤੇ ਰਾਜਮਾਰਗਾਂ ’ਤੇ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਲਾਂਘਿਆਂ ਉਤੇ ਤਣਾਅ ਦਾ ਮਾਹੌਲ ਬਣਿਆ ਰਿਹਾ ਪਰ ਪੁਲੀਸ ਅਤੇ ਕਿਸਾਨਾਂ ਵੱਲੋਂ ਸੰਜਮ ਵਰਤਣ ਕਾਰਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਦਿੱਲੀ ਲਈ ਚੱਲੇ ਕਿਸਾਨਾਂ ਨੂੰ ਲੰਮੇ ਸਫਰ ਦੌਰਾਨ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਤੋਂ ਚੱਲੇ ਕਿਸਾਨਾਂ ਦੇ ਦਿੱਲੀ ਸਰਹੱਦ ਤੱਕ ਭਲਕੇ ਵੱਡੇ ਤੜਕੇ ਜਾਂ ਦਿਨ ਚ੍ਹੜਨ ਬਾਅਦ ਹੀ ਪਹੁੰਚਣ ਦੀ ਉਮੀਦ ਹੈ।

ਕੇਂਦਰੀ ਗ੍ਰਹਿ ਮੰਤਾਰਲੇ ਵੱਲੋਂ ਜਿਸ ਤਰ੍ਹਾਂ ਦਿੱਲੀ ਸਰਹੱਦ ’ਤੇ ਪੁਲੀਸ ਅਤੇ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਉਸ ਨੂੰ ਦੇਖਦਿਆਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਅੰਦਰ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਹਾਲਤ ਵਿੱਚ ਕੌਮੀ ਰਾਜਧਾਨੀ ਨੂੰ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਜਾਣ ਵਾਲੇ ਰਸਤੇ ਬੰਦ ਹੋਣ ਦਾ ਵੀ ਖਦਸ਼ਾ ਹੈ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਅਤੇ ਹਰਿਆਣਾ ਨਾਲ ਲਗਦੀ ਸਰਹੱਦ ’ਤੇ ਰਾਤ ਤੱਕ ਪਹੁੰਚਣੇ ਸ਼ੁਰੂ ਹੋ ਗਏ ਸਨ। ਪੁਲੀਸ ਅਤੇ ਕਿਸਾਨਾਂ ਦਰਮਿਆਨ ਸਭ ਤੋਂ ਜ਼ਿਆਦਾ ਟਕਰਾਅ ਸ਼ੰਭੂ ਸਰਹੱਦ ਅਤੇ ਕਰਨਾਲ ਵਿਖੇ ਹੋਇਆ। ਸ਼ੰਭੂ ਤੋਂ ਬਾਅਦ ਕਿਸਾਨਾਂ ਨੇ ਜੱਦੋਜ਼ਹਿਦ ਮਗਰੋਂ ਕਰਨਾਲ ਮੋਰਚਾ ਵੀ ਫਤਹਿ ਕਰ ਲਿਆ। ਸ਼ੰਭੂ ਸਰਹੱਦ ’ਤੇ ਕਿਸਾਨਾਂ ਦੇ ਕਾਫਲੇ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਖਨੌਰੀ ਅਤੇ ਡੱਬਵਾਲੀ ਸਰਹੱਦ ’ਤੇ ਡੇਰਾ ਲਾ ਕੇ ਬੈਠੇ ਹਨ। ਜਥੇਬੰਦੀ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਜ਼ਾਰਾਂ ਕਿਸਾਨ ਭਲਕੇ ਸਵੇਰੇ ਦੋਵੇਂ ਥਾਵਾਂ ਤੋਂ ਦਿੱਲੀ ਵੱਲ ਕੂਚ ਕਰਨਗੇ।

ਗੂਹਲਾ ਚੀਕਾ ਸਰਹੱਦ ’ਤੇ ਜਗਮੋਹਨ ਸਿੰਘ, ਸੁਰਜੀਤ ਫੂਲ, ਖਨੌਰੀ ’ਚ ਰਜਿੰਦਰ ਸਿੰਘ ਅਤੇ ਸਰਦੂਲਗੜ੍ਹ ਸਰਹੱਦ ’ਤੇ ਬੂਟਾ ਸਿੰਘ ਬੁਰਜ ਗਿੱਲ ਅਤੇ ਰੁਲਦੂ ਸਿੰਘ ਮਾਨਸਾ ਨੇ ਕਿਸਾਨ ਜਥਿਆਂ ਦੀ ਅਗਵਾਈ ਕੀਤੀ। ਸ਼ੰਭੂ ਸਰਹੱਦ ’ਤੇ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਮੀਂਹ ਵਰ੍ਹਾਇਆ। ਕਿਸਾਨਾਂ ਨੇ ਪੁਲੀਸ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਪੁਲੀਸ ਰੋਕਾਂ ਹਟਾਉਣ ਦਾ ਕੰਮ ਜਾਰੀ ਰੱਖਿਆ। ਦੇਖਦਿਆਂ ਹੀ ਦੇਖਦਿਆਂ ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਘੱਗਰ ਦਰਿਆ ਵਿੱਚ ਸੁੱਟ ਦਿੱਤੇ ਅਤੇ ਰਾਹ ਰੋਕਣ ਲਈ ਖੜ੍ਹੇ ਕੀਤੇ ਵਾਹਨ ਵੀ ਹਟਾ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਵੱਧਣੇ ਸ਼ੁਰੂ ਹੋਏ ਅਤੇ ਫਿਰ ਕਤਾਰਾਂ ਦੇ ਰੂਪ ਵਿੱਚ ਟਰੈਕਟਰ-ਟਰਾਲੀਆਂ ਅਤੇ ਨਿੱਜੀ ਵਾਹਨਾਂ ’ਤੇ ਸਵਾਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਮੂੰਹ ਸਿੱਧੇ ਕਰ ਲਏ। ਹਰਿਆਣਾ ਸਰਕਾਰ ਦੀਆਂ ਹਦਾਇਤਾਂ ’ਤੇ ਪੁਲੀਸ ਨੇ ਸੜਕਾਂ ’ਤੇ ਮਿੱਟੀ ਦੇ ਵੱਡੇ ਢੇਰ, ਬੈਰੀਕੇਡ, ਪੱਥਰ ਅਤੇ ਵਾਹਨ ਖੜ੍ਹੇ ਕੀਤੇ ਹੋਏ ਸਨ। ਕੌਮੀ ਸ਼ਾਹਰਾਹ ’ਤੇ ਦਿਨ ਚੜ੍ਹਦਿਆਂ ਹੀ ਸ਼ੰਭੂ ਸਰਹੱਦ ’ਤੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਪੁਲੀਸ ਦਰਮਿਆਨ ਮਾਮੂਲੀ ਟਕਰਾਅ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਸਨ। ਉਸ ਤੋਂ ਬਾਅਦ ਰਤੀਆ, ਖਨੌਰੀ, ਸਰਦੂਲਗੜ੍ਹ ਆਦਿ ਥਾਵਾਂ ’ਤੇ ਰੋਕਾਂ ਨੂੰ ਵੀ ਕਿਸਾਨਾਂ ਨੇ ਹਟਾ ਦਿੱਤਾ ਤਾਂ ਕਿਸਾਨਾਂ ਦੇ ਹੌਸਲੇ ਵੱਧ ਗਏ। ਪੁਲੀਸ ਹੋਰ ਥਾਵਾਂ ਤੋਂ ਜਦੋਂ ਪਿਛਾਂਹ ਹਟਦੀ ਗਈ ਤਾਂ ਕਿਸਾਨ ਅਗਾਂਹ ਵਧਣ ਲੱਗੇ। ਹਰਿਆਣਾ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਰਸਤੇ ਖੋਲ੍ਹਣ ’ਚ ਭੂਮਿਕਾ ਨਿਭਾਈ। ਪੰਜਾਬ ਤੋਂ ਤੁਰੇ ਕਿਸਾਨਾਂ ਦੇ ਵੱਡੇ ਕਾਫਲਿਆਂ ਵਿੱਚ ਕਿਸਾਨਾਂ ਨੇ ਟੈਂਟ-ਤਰਪਾਲਾਂ ਅਤੇ ਲੰਮੇ ਸੰਘਰਸ਼ ਲਈ ਖਾਣੇ ਆਦਿ ਦਾ ਬਾਕਾਇਦਾ ਪ੍ਰਬੰਧ ਕੀਤਾ ਹੋਇਆ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਕੂਚ ਕਰ ਰਹੇ ਕਿਸਾਨਾਂ ’ਤੇ ਹਰਿਆਣਾ ’ਚ ਪੁਲੀਸ ਵੱਲੋਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ’ਤੇ ਖੱਬੇ ਪੱਖੀ ਪਾਰਟੀਆਂ ਨੇ ਭਾਜਪਾ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਭਗਵਾਂ ਪਾਰਟੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ,‘‘ਇਹ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਹਮਲਾ ਹੈ। ਸੀਪੀਆਈ ਹਮੇਸ਼ਾ ਕਿਸਾਨਾਂ ਦੀ ਹਮਾਇਤ ਕਰਦੀ ਰਹੇਗੀ ਅਤੇ ਉਨ੍ਹਾਂ ਖ਼ਿਲਾਫ਼ ਹਿੰਸਾ ਨਿੰਦਣਯੋਗ ਹੈ।’’ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵਿੱਟਰ ’ਤੇ ਹਰਿਆਣਾ ’ਚ ਕਿਸਾਨਾਂ ਸਮੇਤ ਦੇਸ਼ ਭਰ ’ਚ ਹੋਏ ਪ੍ਰਦਰਸ਼ਨਾਂ ਦੀ ਤਸਵੀਰ ਪੋਸਟ ਕਰਦਿਆਂ ਕਿਹਾ ਕਿ ਇਹ ‘ਅਸਲ ਭਾਰਤ’ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਵਾਪਸ ਲੈ ਕੇ ਉਨ੍ਹਾਂ ਦੀ ਗੱਲ ਸੁਣਨ।

ਖੇਤੀ ਕਾਨੂੰਨਾਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੁੰਦਿਆਂ ਹਰਿਆਣਾ ਦੇ ਕਿਸਾਨਾਂ ਨੇ ਵੀ ਪਿਛਲੇ ਦੋ ਦਿਨਾਂ ਤੋਂ ਪੁਲੀਸ ਦੀਆਂ ਰੋਕਾਂ ਨੂੰ ਤੋੜਨ ਦਾ ਕੰਮ ਜਾਰੀ ਰੱਖਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਹਰਿਆਣਾ ਸਰਕਾਰ ਨੇ ਕੌਮੀ ਅਤੇ ਰਾਜਮਾਰਗਾਂ ਤੋਂ ਇਲਾਵਾ ਛੋਟੀਆਂ ਸੜਕਾਂ ’ਤੇ ਵੀ ਨਾਕਾਬੰਦੀ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ 50 ਤੋਂ ਵੱਧ ਕਿਸਾਨਾਂ ਨੂੰ ਪਿਛਲੇ ਦਿਨਾਂ ਦੌਰਾਨ ਹਿਰਾਸਤ ਵਿੱਚ ਵੀ ਲਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune