ਕਿਸਾਨ ਮੋਰਚਿਆਂ ਤੋਂ ਦਿੱਲੀ ਲਈ ਕਾਫਲੇ ਰਵਾਨਾ

May 11 2021

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਿਕਰੀ ਬਾਰਡਰ ਵੱਲ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਦਰਜਨਾਂ ਗੱਡੀਆਂ ਦਾ ਕਾਫਲੇ ਨੇ ਕੂਚ ਕੀਤਾ। ਜਗਰਾਉਂ ਦਾਣਾ ਮੰਡੀ ਅਤੇ ਸਿੱਧਵਾਂ ਬੇਟ ਤੋਂ ਇਹ ਕਾਫਲੇ ਰਵਾਨਾ ਹੋਇਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚੋਂ ਅੱਜ ਹਜ਼ਾਰਾਂ ਕਿਸਾਨ ਅਤੇ ਮਜ਼ਦੂਰਾਂ ਨੇ ਦਿੱਲੀ ਵੱਲ ਚਾਲੇ ਪਾਏ। ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਦਿੱਲੀ ਬਾਰਡਾਂ ’ਤੇ ਕਿਸਾਨਾਂ ਨੇ ਮੋਰਚੇ ਮੁੜ ਸੰਭਾਲ ਲਏ ਹਨ। ਸੋਮਵਾਰ ਨੂੰ ਰਵਾਨਾ ਹੋਏ ਕਾਫਲੇ ਮੋਰਚੇ ਨੂੰ ਨਵੀਂ ਤਾਕਤ ਅਤੇ ਜੋਸ਼ ਪ੍ਰਦਾਨ ਕਰਨਗੇ। ਇਸ ਨਾਲ ਹੰਕਾਰੀ ਹੋਈ ਮੋਦੀ ਹਕੂਮਤ ਦਾ ਮੋਰਚਾ ਖ਼ਤਮ ਕਰਨ ਦਾ ਭਰਮ ਵੀ ਨਿੱਕਲ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਮੌਤ ਦੇ ਕੰਢੇ ਖੜ੍ਹੀ ਮੋਦੀ ਹਕੂਮਤ ਹੁਣ ਆਖਰੀ ਸਾਹਾਂ ’ਤੇ ਆਈ ਕੋਈ ਵੀ ਬੁਜ਼ਦਿਲਾਂ ਵਾਲਾ ਕਦਮ ਚੁੱਕ ਸਕਦੀ ਹੈ। ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਸਕੱਤਰ ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ, ਨਿਰਮਲ ਸਿੰਘ ਭਮਾਲ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਭਮਾਲ ਆਦਿ ਇਸ ਸਮੇਂ ਹਾਜ਼ਰ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ’ਚ ਸ਼ਮੂਲੀਅਤ ਕੀਤੀ। ਧਰਨੇ ਦੇ 222ਵੇਂ ਦਿਨ ਬੋਲਦਿਆਂ ਧਰਮ ਸਿੰਘ ਸੂਜਾਪੁਰ, ਜਗਦੀਸ਼ ਸਿੰਘ, ਹਰਭਜਨ ਸਿੰਘ ਦੌਧਰ ਨੇ ਪੰਜਾਬ ਸਰਕਾਰ ਤੋਂ ਕਰੋਨਾ ਦੀ ਆੜ ’ਚ ਲਗਾਇਆ ਲੌਕਡਾਊਨ ਅਤੇ ਕਰਫਿਊ ਰੱਦ ਕਰਨ ਦੀ ਮੰਗ ਕੀਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸਵੇਰੇ ਪੰਜ ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਮਾਮੂਲੀ ਛੋਟ ਇਕ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਦੀ ਥਾਂ ਸਰਕਾਰ ਮੁਫ਼ਤ ਰਾਸ਼ਨ, ਬਿਜਲੀ, ਪਾਣੀ ਦੇ ਬਿੱਲ ਮੁਆਫ਼, ਸਕੂਲਾਂ ਦੀਆਂ ਫੀਸਾਂ ਮੁਆਫ਼ ਕਰਨ ਦੀ ਗੱਲ ਕਰੇ। ਲੋਕਾਂ ਨੂੰ ਜੁਰਮਾਨੇ ਕਰਨ, ਪਰਚੇ ਦਰਜ ਕਰਨ, ਗ੍ਰਿਫ਼ਤਾਰੀਆਂ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਧੱਕੇ ਨਾਲ ਇਸ ਬੀਮਾਰੀ ਤੋਂ ਨਹੀਂ ਬਚਾਇਆ ਜਾ ਸਕਦਾ। ਨਿੱਜੀ ਹਸਪਤਾਲਾਂ ਦੀ ਲੁੱਟ ਬੰਦ ਕਰਵਾਉਣ ਅਤੇ ਦਵਾਈਆਂ, ਟੀਕਿਆਂ, ਆਕਸੀਜਨ, ਬੈੱਡਾਂ ਦੇ ਪ੍ਰਬੰਧ ਦੀ ਵੀ ਮੰਗ ਕੀਤੀ ਗਈ।

ਅੱਜ ਇਥੋਂ ਦੇ ਧਾਰਮਿਕ ਅਸਥਾਨ ਮੰਜੀ ਸਾਹਿਬ ਕੋਟਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਰਾਜਿੰਦਰ ਸਿੰਘ, ਬਲਬੀਰ ਸਿੰਘ ਅਤੇ ਤੇਜਿੰਦਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾ ਦਿੱਤੀ ਸੰਯੁਕਤ ਮੋਰਚੇ ਦੀ ਕਾਲ ਤੇ ਫੁੱਲ ਚੜਾਉਂਦਿਆਂ ਵੱਖ ਵੱਖ ਵਰਗਾਂ ਦੇ ਲੋਕ ਕਿਸਾਨ ਸੰਘਰਸ਼ ਲਈ ਦਿੱਲੀ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਫ਼ਸਲ ਦੀ ਸਾਂਭ ਸੰਭਾਲ ਉਪਰੰਤ ਕਿਸਾਨ ਅੰਦੋਲਨ ’ਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ, ਜਿਸਦਾ ਅਸਰ ਕੇਂਦਰ ਸਰਕਾਰ ਤੇ ਜ਼ਰੂਰ ਪਵੇਗਾ। ਉਨ੍ਹਾਂ ਮੋਦੀ ਸਰਕਾਰ ਦੇ ਅਣਮਨੁੱਖੀ ਵਰਤਾਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨਾਂਅ ਦੀ ਕੋਈ ਚੀਜ਼ ਹੁੰਦੀ ਤਾਂ ਆਪਣੇ ਹੀ ਦੇਸ਼ ਦੀ ਜਨਤਾ ਨਾਲ ਅਜਿਹੀ ਜ਼ਿੱਦ ਨਾ ਕੀਤੀ ਜਾਂਦੀ। ਮੋਦੀ ਸਰਕਾਰ ਕੁਝ ਘਰਾਣਿਆਂ ਦਾ ਪੱਖ ਪੂਰ ਕੇ ਦੇਸ਼ ਦੇ ਅੰਨਦਾਤਿਆਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ। ਇਸ ਮੌਕੇ ਪਰਵਿੰਦਰ ਸਿੰਘ, ਯਾਦਵਿੰਦਰ ਸਿੰਘ, ਅਮਰਜੀਤ ਸਿੰਘ, ਮਨਦੀਪ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਨੇਤਰ ਸਿੰਘ ਨਾਗਰਾ, ਜਸਵਿੰਦਰ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਸਨ। ਇਸੇ ਦੌਰਾਨ ਖੰਨਾ ਦੇ ਰੇਲਵੇ ਸਟੇਸ਼ਨ ਤੇ ਲੰਮੇ ਸਮੇਂ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕਾਲੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਜੋ ਹਾਲ ਅੱਜ ਦੇਸ਼ ਵਿਚ ਸਿਹਤ ਸੇਵਾਵਾਂ ਦਾ ਹੋ ਰਿਹਾ ਹੈ, ਉਸ ਤੋਂ ਭੈੜਾ ਹਾਲ ਖੇਤੀ ਨਾਲ ਜੁੜੇ ਸਮੂਹ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਕਰੋਨਾ ਮਹਾਂਮਾਰੀ ਦੌਰਾਨ ਵੀ ਵੱਡੀ ਗਿਣਤੀ ਵਿਚ ਦਿੱਲੀ ਵੱਨ ਰਵਾਨਾ ਹੋ ਰਹੇ ਹਨ ਅਤੇ ਆਪਣੇ ਹੱਕ ਵਾਪਸ ਲੈ ਕੇ ਹੀ ਮੁੜਣਗੇ। ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਹਿੱਸੇਦਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਔਰਤ ਸਮਾਜ ਦੇ ਵਿਕਾਸ ਲਈ ਹਰ ਸਮੇਂ ਪਹਿਲਾ ਖੜ੍ਹੀ ਰਹੀ ਹੈ। ਔਰਤਾਂ ਵੱਲੋਂ ਪਿੰਡ ਪਿੰਡ ਖੇਤੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਜਾਗਰੂਕਤਾ ਜਾਗੋ ਕੱਢੀ ਜਾ ਰਹੀ ਹੈ ਤਾਂ ਜੋ ਘਰ ਘਰ ਇਨ੍ਹਾਂ ਕਾਲੇ ਕਾਨੂੰਨਾਂ ਸਬੰਧੀ ਜਾਣਕਾਰੀ ਪਹੁੰਚ ਸਕੇ। ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕਰੇ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਦਰਜਾ ਦੇਵੇ, ਕਿਉਂਕਿ ਸਰਕਾਰ ਦੀ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹੱਥ ਦੇਣ ਦੀ ਸਾਜਿਸ਼ ਕਰੇ ਵੀ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune