ਕਿਸਾਨ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਲਈ ਲਾਮਬੰਦੀ

December 08 2020

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤਹਿਤ ਸਮੁੱਚੇ ਸੂਬੇ ਵਿੱਚ ਲਾਮਬੰਦੀ ਕਰ ਲਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸੂਬੇ ਦੇ ਹਰ ਵਰਗ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਭਲਕੇ ਸੂਬੇ ਵਿੱਚ ਮੁਕੰਮਲ ਬੰਦ ਰਹਿਣ ਦੇ ਆਸਾਰ ਹਨ। ਪੰਜਾਬ ਸਰਕਾਰ ਨੇ ਵੀ ਇਹਤਿਆਤ ਵਜੋਂ ਅਣਐਲਾਨੀ ਛੁੱਟੀ ਕੀਤੀ ਹੋਈ ਹੈ। 

ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਅੱਜ ਵੀ 100 ਤੋਂ ਵੱਧ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰ ਕੇ ਭਲਕੇ ਬੰਦ ਨੂੰ ਸ਼ਾਂਤਮਈ ਤਰੀਕੇ ਨਾਲ ਕਾਮਯਾਬ ਕਰਨ ਦਾ ਸੱਦਾ ਦਿੱਤਾ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਭਲਕੇ ਸੰਯੁਕਤ ਤੌਰ ’ਤੇ ਜਦਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖੋ- ਵੱਖਰੇ ਤੌਰ ’ਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਜਗਮੋਹਨ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਵੱਡੀ ਗਿਣਤੀ ਕਿਸਾਨ ਭਾਵੇਂ ਦਿੱਲੀ ਮੋਰਚਿਆਂ ’ਤੇ ਡਟੇ ਹੋਏ ਹਨ ਪਰ ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਗਤੀ ਪਹਿਲਾਂ ਨਾਲੋਂ ਤੇਜ਼ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਮਸ਼ਾਲ ਮਾਰਚ ਕਰ ਕੇ ਲੋਕਾਂ ਨੂੰ ਦਿੱਲੀ ਮੋਰਚੇ ਅਤੇ ਭਾਰਤ ਬੰਦ ਲਈ ਲਾਮਬੰਦ ਕੀਤਾ ਗਿਆ ਹੈ। ਸੂਬੇ ਵਿੱਚ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅਤੇ ਅੰਬਾਨੀ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਅੱਗੇ ਧਰਨੇ ਦਿਨ-ਰਾਤ ਜਾਰੀ ਹਨ। ਭਲਕੇ ਭਾਰਤ ਬੰਦ ਦੌਰਾਨ ਹਰ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ।  ਕਿਸਾਨ ਆਗੂਆਂ ਨੇ ਆਖਿਆ ਕਿ ਮੌਜੂਦਾ ਕਿਸਾਨ ਘੋਲ਼ ਭਾਜਪਾ ਦੀਆਂ ਫ਼ਿਰਕੂਵਾਦ, ਜਾਤ-ਪਾਤ ਤੇ ਅੰਧ-ਰਾਸ਼ਟਰਵਾਦ ਦੀਆਂ ਚਾਲਾਂ ਫੇਲ੍ਹ ਕਰ ਦੇਵੇਗਾ। ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੀ ਪੰਜਾਬ ਇਕਾਈ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਭਲਕੇ 8 ਦਸੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀਆਂ ਤਿਆਰੀਆਂ ਮੁਕੰਮਲ ਹਨ। ਜਥੇਬੰਦੀਆਂ ਦੇ ਆਗੂ ਤਰਸੇਮ ਪੀਟਰ, ਸਤਿਬੀਰ ਸਿੰਘ ਸੁਲਤਾਨੀ, ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਭਾਰਤ ਬੰਦ ਨੂੰ ਹਰ ਹਾਲ ਸਫ਼ਲ ਬਣਾਇਆ ਜਾਵੇਗਾ। 

ਅੱਜ ਦਾ ‘ਭਾਰਤ ਬੰਦ’ ਕੇਂਦਰ ਦੇ ਸਾਰੇ ਭੁਲੇਖੇ ਕੱਢ ਦੇਵੇਗਾ: ਉਗਰਾਹਾਂ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਟਿਕਰੀ ਹੱਦ ’ਤੇ ਲੱਗੇ ਮੋਰਚੇ ’ਚ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ 8 ਦਸਬੰਰ ਦਾ ‘ਭਾਰਤ ਬੰਦ’ ਇਤਿਹਾਸਕ ਹੋਵੇਗਾ ਅਤੇ ਮੋਦੀ ਸਰਕਾਰ ਦੇ ਸਾਰੇ ਭੁਲੇਖੇ ਕੱਢ ਦੇਵੇਗਾ। ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਐੱਸਵਾਈਐੱਲ  ਨਹਿਰ ਦਾ ਮੁੱਦਾ ਉਠਾਉਣ ਦਾ ਸੱਦਾ ਦੇਣ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਕਿਸਾਨ ਅੰਦੋਲਨ ’ਚ ਫੁੱਟ ਪਾਉਣ ਦੀ ਕੋਝੀ ਚਾਲ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਹੁਣ ਕਿਸਾਨ ਜਾਗਰੂਕ ਹੋ ਚੁੱਕੇ ਹਨ ਤੇ ਉਹ ਭਾਜਪਾ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ 10 ਦਸੰਬਰ ਨੂੰ ਦਿੱਲੀ ਮੋਰਚੇ ’ਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਵੇਗਾ। ਇਸ ਦੌਰਾਨ ਗ੍ਰਿਫ਼ਤਾਰ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦੀ ਰਿਹਾਈ ਲਈ ਆਵਾਜ਼ ਉਠਾਈ ਜਾਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune