ਕਾਸ਼ਤਕਾਰਾਂ ਲਈ ਘਾਟੇ ਦਾ ਸੌਦਾ ਬਣੀ ਸ਼ਿਮਲਾ ਮਿਰਚ

May 18 2021

ਖੇਤੀ ਵਿਭਿੰਨਤਾ ਤਹਿਤ ਜਿਹੜੇ ਕਿਸਾਨਾਂ ਵੱਲੋਂ ਇਸ ਵਾਰ ਸ਼ਿਮਲਾ ਮਿਰਚ ਨੂੰ ਆਪਣੇ ਖੇਤਾਂ ਵਿੱਚ ਮੁਨਾਫ਼ੇ ਲਈ ਬੀਜਿਆ ਗਿਆ ਸੀ, ਉਹ ਕਰੋਨਾ ਦੀ ਭੇਟ ਚੜ੍ਹ ਕੇ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਬੇਸ਼ੱਕ ਪਿਛਲੇ ਸਾਲ ਕਿਸਾਨੀ ਸੰਘਰਸ਼ਾਂ ਦੇ ਗੜ੍ਹ ਮੰਨੇ ਜਾਂਦੇ ਪਿੰਡ ਭੈਣੀਬਾਘਾ ਸਮੇਤ ਹੋਰਨਾਂ ਪਿੰਡਾਂ ਵਿੱਚ ਸ਼ਿਮਲਾ ਮਿਰਚ ਸਮੇਤ ਹੋਰ ਸਬਜ਼ੀਆਂ ਦੀ ਵਿਕਰੀ ਲਈ ਕਿਸਾਨਾਂ ਨੂੰ ਮਾਨਸਾ ਪੁਲੀਸ ਵੱਲੋਂ ਬਕਾਇਦਾ ਅੰਤਰਰਾਜੀ ਪਾਸ ਮੁਹੱਈਆ ਕਰਵਾ ਕੇ ਬਾਹਰਲੇ ਸੂਬਿਆਂ ਵਿੱਚ ਭੇਜਿਆ ਗਿਆ ਸੀ, ਪਰ ਇਸ ਵਾਰ ਹੋਰਨਾਂ ਰਾਜਾਂ ਵਿੱਚ ਲੱਗੇ ਲੌਕਡਾਊਨ ਕਾਰਨ ਇਸ ਜੰਕ ਫੂਡ ਦੀ ਰਾਣੀ ਸ਼ਿਮਲਾ ਮਿਰਚ ਦੀ ਬੇਕਦਰੀ ਹੋਣ ਲੱਗੀ ਹੈ।

ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਰੇਤਲੇ ਇਲਾਕਿਆਂ ਵਿੱਚ ਸ਼ਿਮਲਾ ਮਿਰਚ ਨੂੰ ਲਾਇਆ ਜਾਂਦਾ ਹੈ ਅਤੇ ਇਸ ਖੇਤਰ ’ਚੋਂ ਉਤਰੀ ਭਾਰਤ ਦੇ ਸਾਰੇ ਰਾਜ ਵਿੱਚ ਇਸ ਦੀ ਸਪਲਾਈ ਹੁੰਦੀ ਹੈ। ਇਸ ਵਾਰ ਕਰੋਨਾਵਾਇਰਸ ਅਤੇ ਲੌਕਡਾਊਨ ਦੀ ਵੱਡੀ ਤਕਲੀਫ਼ ਅਤੇ ਗ੍ਰਾਹਕੀ ਘੱਟਣ ਕਾਰਨ ਭਾਅ ਮੰਦਾ ਆ ਗਿਆ ਹੈ, ਜਿਸ ਤੋਂ ਕਿਸਾਨ ਤਪ ਗਿਆ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਆਮ ਤੌਰ ’ਤੇ ਸ਼ਿਮਲਾ ਮਿਰਚ ਦਾ ਭਾਅ 15-20 ਰੁਪਏ ਕਿਲੋ ਮਿਲਦਾ ਸੀ, ਪਰ ਇਸ ਵਾਰ ਕਰੋਨਾ ਕਾਰਨ ਕਿਸਾਨਾਂ ਦੇ ਪੱਲੇ ਕੁੱਝ ਨਹੀਂ ਪੈ ਰਿਹਾ, ਜਿਸ ਤੋਂ ਦੁਖੀ ਹੋ ਕੇ ਕਿਸਾਨ ਸਥਾਨਕ ਮੰਡੀਆਂ ’ਚ ਮੰਦੇ ਭਾਅ ਫਸਲ ਨੂੰ ਸੁੱਟਣ ਲੱਗਿਆ ਹੈ।

ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਭੈਣੀਬਾਘਾ ਵਿਖੇ 400 ਏਕੜ ਵਿੱਚ ਸ਼ਿਮਲਾ ਮਿਰਚ ਲਾਈ ਗਈ ਸੀ, ਪਰ ਜਦੋਂ ਮਿਰਚ ਦੀ ਤੁੜਾਈ ਸ਼ੁਰੂ ਹੋਈ ਤਾਂ ਲੌਕਡਾਉੂਨ ਲੱਗ ਗਿਆ ਤੇ ਫਸਲ ਦੀ ਬੇਕਦਰੀ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਸ ਨੇ 4 ਏਕੜ ਜ਼ਮੀਨ ਵਿਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੈ, ਪਰ ਪੂਰਾ ਭਾਅ ਨਾ ਮਿਲਣ ਕਾਰਲ ਕਾਫ਼ੀ ਘਾਟਾ ਪਿਆ ਹੈ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਬਜ਼ੀ ਕਾਸ਼ਤਕਾਰਾਂ ਨੂੰ ਜਿਥੇ ਸਬਜ਼ੀਆਂ ਵੇਚਣ ਲਈ ਮੰਡੀਕਰਨ ਕੀਤਾ ਜਾਵੇ ਅਤੇ ਨਾਲ ਜੋ ਕਿਸਾਨਾਂ ਨੂੰ ਘਾਟਾ ਪਿਆ, ਉਸ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਤੁੜਾਈ ਵੀ ਪੂਰੀ ਨਹੀਂ ਹੋ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune