ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਬੱਧਨੀ ਤੋਂ ਨਿਹਾਲ ਸਿੰਘ ਵਾਲਾ ਤੱਕ ਮਾਰਚ

January 29 2021

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ, ਸਰਬ ਭਾਰਤ ਵਿਦਿਆਰਥੀ ਤੇ ਨੌਜਵਾਨ ਸਭਾ ਵੱਲੋਂ ਬੱਧਨੀਂ ਤੋਂ ਨਿਹਾਲ ਸਿੰਘ ਵਾਲਾ ਤੱਕ ਵਿਲੱਖਣ ਮਾਰਚ ਕੀਤਾ ਗਿਆ। ਕੁੱਲ ਹਿੰਦ ਕਿਸਾਨ ਸਭਾ ਦੇ ਕਾ ਜਗਜੀਤ ਸਿੰਘ,ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੇ ਕਰਮਵੀਰ ਕੌਰ ਬੱਧਨੀਂ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਗੁਰਦਿੱਤ ਦੀਨਾ ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿੱਚ ਹਥਿਆਰ ਵਿਖਾਏ ਹਨ ਕਿਸਾਨਾਂ ਨੇ ਰਵਾਇਤੀ ਔਜ਼ਾਰ। ਦੇਸ਼ ਦਾ ਵਿਕਾਸ ਹਥਿਆਰਾਂ ਨਾਲ ਨਹੀਂ ਔਜ਼ਾਰਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸਾਡਾ ਸੱਭਿਆਚਾਰ ਹੈ ਸਾਡੀ ਧਰਤੀ ਸਿਰਫ਼ ਅੰਬਾਨੀਆਂ, ਅੰਡਾਨੀਆਂ ਦੀ ਨਹੀਂ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ। ਉਨ੍ਹਾਂ ਕੇਂਦਰ ਵੱਲੋਂ ਕੋਝੀਆਂ ਚਾਲਾਂ ਰਾਹੀਂ ਕਿਸਾਨ ਅੰਦੋਲਨ ਨੂੰ ਵਿਗਾੜਨ ਦੀ ਕੋਸਿਸ਼ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਸੱਚ ਸਾਹਮਣੇ ਆ ਗਿਆ ਹੈ। ਕਿਸਾਨ ਹੌਂਸਲੇ ਅਸਤ ਨਹੀਂ ਹੋਣਗੇ।

ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਤੇ ਮੋਦੀ ਹਕੂਮਤ ਵੱਲੋਂ ਦਲਿਤਾਂ ’ਤੇ ਕੀਤੇ ਜਾ ਰਹੇ ਜਬਰ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰਾਮਪੁਰਾ ਸ਼ਹਿਰ ’ਚ ਜ਼ੋਰਦਾਰ ਰੋਸ ਮਾਰਚ ਕੀਤਾ ਗਿਆ। ਜਿਸ ’ਚ ਸੈਂਕੜੇ ਖੇਤ ਮਜ਼ਦੂਰ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ। ਵੱਡੇ ਫਾਰਮਾਂ ਵਿੱਚ ਨਵੀਂ ਮਸ਼ੀਨਰੀ ਤੇ ਤਕਨੀਕ ਨਾਲ ਹੋਣ ਜਾ ਰਹੀ ਖੇਤੀ ਮਜ਼ਦੂਰਾਂ ਦੇ ਰੁਜ਼ਗਾਰ ਦਾ ਖਾਤਮਾ ਕਰ ਦੇਵੇਗੀ ਤੇ ਸਰਕਾਰੀ ਖਰੀਦ ਖਤਮ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਹੋਣਾ ਤਹਿ ਹੈ। ਅਨਾਜ ਤੇ ਹੋਰ ਖਾਦ ਪਦਾਰਥਾਂ ਤੇ ਅਡਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਕਾਬਜ਼ ਹੋਣ ਮਗਰੋਂ ਉਹ ਭੁੱਖੇ ਮਰਨ ਤੇ ਕਰਜ਼ਿਆਂ ਦੇ ਭਾਰ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਭਾਜਪਾ ਦੀ ਮੋਦੀ ਹਕੂਮਤ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਵਿੱਚ ਹੋਰ ਵਾਧਾ ਕਰਨ ਲਈ ਧੱਕੇ ਨਾਲ ਸਾਮਰਾਜੀ ਮੁਲਕਾਂ ਦੀਆਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਲਈ ਲੋਕ ਰੋਹ ਨੂੰ ਅਣਗੌਲਿਆਂ ਕਰ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune