ਆਲੂ ਦੀ ਪ੍ਰਫੁੱਲਤ ਖੇਤੀ ਤੇ ਆਲੂ ਦੀਆਂ ਨਵੀਆਂ ਕਿਸਮਾਂ, ਕਮਾਓ ਲੱਖਾਂ ਰੁਪਏ

September 05 2019

ਕੱਚੇ ਆਲੂ ਵਿਚ 79 ਫ਼ੀਸਦੀ ਪਾਣੀ, 17 ਫ਼ੀਸਦੀ ਕਾਰਬੋਹਾਈਡਰੇਟ (88 ਫ਼ੀਸਦੀ ਸਟਾਰਚ), 2 ਫ਼ੀਸਦੀ ਪ੍ਰੋਟੀਨ ਤੇ ਬਹੁਤ ਘੱਟ ਮਾਤਰਾ ਚ ਚਰਬੀ ਹੁੰਦੀ ਹੈ। 100 ਗ੍ਰਾਮ ਕੱਚੇ ਆਲੂ ਤੋਂ 77 ਕਿੱਲੋ ਕੈਲੋਰੀ ਊਰਜਾ ਪ੍ਰਦਾਨ ਕਰਦਾ ਹੈ ਤੇ ਰੋਜ਼ਾਨਾ 23 ਫ਼ੀਸਦੀ ਵਿਟਾਮਿਨ-ਬੀ-6 ਤੇ 24 ਫ਼ੀਸਦੀ ਵਿਟਾਮਿਨ-ਸੀ ਪ੍ਰਾਪਤ ਹੁੰਦਾ ਹੈ। ਕੱਚਾ ਆਲੂ ਘੱਟ ਖਾਦਾ ਜਾਂਦਾ ਹੈ ਕਿਉਂਕਿ ਕੱਚੇ ਆਲੂ ਚ ਮੌਜੂਦ ਸਟਾਰਚ ਹਜ਼ਮ ਕਰਨੀ ਆਸਾਨ ਨਹੀਂ ਹੁੰਦੀ। ਪੰਜਾਬ ਵਿਚ ਆਲੂ ਮੁੱਖ ਫ਼ਸਲਾਂ ਵਿਚੋਂ ਇਕ ਹੈ।

ਇਸ ਦੀ ਚੰਗੀ ਪੈਦਾਵਾਰ ਲਈ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੇ ਰਾਤ ਦਾ ਤਾਪਮਾਨ 20 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਹੋਣਾ ਚਾਹੀਦਾ ਹੈ। ਆਲੂ ਦੀ ਖੇਤੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਚ ਕੀਤੀ ਜਾ ਸਕਦੀ ਹੈ ਪਰ ਚੰਗੇ ਜਲ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕੱਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁੱਕਵੀਂ ਹੈ। ਪੰਜਾਬ ਚ ਪਿਛਲੇ ਵਰ੍ਹੇ 96.6 ਹਜ਼ਾਰ ਹੈਕਟੇਅਰ ਰਕਬੇ ਚ ਆਲੂ ਦੀ ਕਾਸ਼ਤ ਕੀਤੀ ਗਈ ਤੇ ਕੁੱਲ 2494.84 ਹਜ਼ਾਰ ਟਨ ਉਤਪਾਦਨ ਹੋਇਆ। ਇਸ ਦੀ ਔਸਤ ਪੈਦਾਵਾਰ 258.35 ਕੁਇੰਟਲ ਪ੍ਰਤੀ ਹੈਕਟੇਅਰ ਹੈ।

ਅਗੇਤੀਆਂ ਕਿਸਮਾਂ :

ਕੁਫਰੀ ਸੂਰਯਾ, ਕੁਫਰੀ ਚੰਦਰਮੁਖੀ, ਕੁਫਰੀ ਅਸ਼ੋਕਾ ਤੇ ਕੁਫਰੀ ਪੁਖਰਾਜ।

ਦਰਮਿਆਨੇ ਸਮੇਂ ਦੀਆਂ ਕਿਸਮਾਂ :

ਕੁਫਰੀ ਪੁਸ਼ਕਰ, ਕੁਫਰੀ ਜਯੋਤੀ ਤੇ ਕੁਫਰੀ ਬਹਾਰ।

ਪਛੇਤੀਆਂ ਕਿਸਮਾਂ : 

ਕੁਫਰੀ ਸੰਧੂਰੀ ਤੇ ਕੁਫਰੀ ਬਾਦਸ਼ਾਹ।

ਪ੍ਰੋਸੈਸਿੰਗ ਵਾਲੀਆਂ ਕਿਸਮਾਂ: 

ਕੁਫਰੀ ਚਿਪਸੋਨਾ-1, ਕੁਫਰੀ ਚਿਪਸੋਨਾ-3 ਤੇ ਕੁਫਰੀ ਫਰਾਈਸੋਨਾ।

ਕਾਸ਼ਤ ਦੇ ਢੰਗ

20 ਕਿੱਲੋ ਸਣ ਜਾਂ ਜੰਤਰ ਜੂਨ ਦੇ ਨੂੰ ਖੇਤ ਵਿਚ ਬੀਜਣ ਤੋਂ ਬਾਅਦ ਜਦੋਂ ਇਹ ਫ਼ਸਲ 40-45 ਦਿਨ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਚ ਵਾਹ ਦਿਓ। ਇਹ ਫ਼ਸਲ ਗਲ-ਸੜ ਕੇ ਖਾਦ ਦਾ ਕੰਮ ਕਰੇਗੀ। ਬਿਜਾਈ ਤੋਂ ਪਹਿਲਾਂ ਉਲਟਾਵੇਂ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਜਾਂ ਸਧਾਰਨ ਹਲ ਨਾਲ ਜ਼ਮੀਨ ਵਾਹੋ। ਹਲਕੀਆਂ ਰੇਤਲੀਆਂ ਜ਼ਮੀਨਾਂ ਚ ਕੇਵਲ ਤਵੀਆਂ ਨਾਲ ਵਹਾਈ ਕਾਫ਼ੀ ਹੈ।

ਜ਼ਮੀਨ ਤਿਆਰ ਹੋਣ ਉਪਰੰਤ ਬਿਜਾਈ ਤੋਂ ਪਹਿਲਾਂ ਖੇਤ ਵਿਚ ਰੂੜੀ ਦੀ ਖਾਦ ਪਾ ਦੇਣੀ ਚਾਹੀਦੀ ਹੈ। ਜੇ ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਕੋਈ ਖ਼ਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਮਾਮੂਲੀ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਝਾੜ ਚ ਕੋਈ ਕਮੀ ਨਹੀਂ ਆਉਂਦੀ।

ਬਿਜਾਈ ਦਾ ਸਮਾਂ

ਮੈਦਾਨੀ ਇਲਾਕਿਆਂ ਚ ਆਲੂ ਦੀ ਬਿਜਾਈ ਲਈ ਢੁੱਕਵਾਂ ਸਮਾਂ ਪੱਤਝੜੀ ਫ਼ਸਲ ਲਈ ਅਖ਼ੀਰ ਸਤੰਬਰ ਤੋਂ ਅੱਧ ਅਕਤੂਬਰ ਹੈ ਅਤੇ ਬਹਾਰ ਰੁੱਤ ਦੇ ਆਲੂ ਲਈ ਜਨਵਰੀ ਦਾ ਪਹਿਲਾ ਪੰਦਰ੍ਹਵਾੜਾ ਉੱਤਮ ਹੈ। ਸਤੰਬਰ ਵਿਚ ਬਿਜਾਈ ਲਈ ਤਾਪਮਾਨ ਨੂੰ ਧਿਆਨ ਚ ਰੱਖਣ ਦੀ ਲੋੜ ਹੈ।

ਬਿਜਾਈ ਦਾ ਤਰੀਕਾ

ਜਦੋਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਵੱਟਾਂ ਦੇ ਨਿਸ਼ਾਨ ਲਗਾਓ। ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰੋ। ਟ੍ਰੈਕਟਰ ਨਾਲ ਬਿਜਾਈ ਕਰਨੀ ਹੋਵੇ ਤਾਂ ਅਰਧ ਸਵੈ-ਚਾਲਕ ਮਸ਼ੀਨਾਂ ਦੀ ਵਰਤੋਂ ਕਰੋ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਤੇ ਆਲੂ ਤੋਂ ਆਲੂ ਵਿਚਾਲੇ ਫ਼ਾਸਲਾ 20 ਸੈਂਟੀਮੀਟਰ ਰੱਖੋ। ਦੱਖਣ ਪੱਛਮੀ ਜ਼ਿਲ੍ਹਿਆਂ ਚ ਬਿਜਾਈ 50-55 ਸੈਂਟੀਮੀਟਰ ਚੌੜੇ ਬੈੱਡਾਂ ਤੇ ਦੋ ਕਤਾਰਾਂ ਵਿਚ ਕਰਨ ਨਾਲ ਵਧੇਰੇ ਝਾੜ ਮਿਲਦਾ ਹੈ ਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ।

ਜੈਵਿਕ ਖਾਦ

ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿੱਲੋ ਪ੍ਰਤੀ ਏਕੜ ਨੂੰ ਮਿੱਟੀ ਚ ਰਲਾ ਕੇ ਪਾਉਣ ਨਾਲ ਵਧੇਰੇ ਝਾੜ ਮਿਲਦਾ ਹੈ ਤੇ ਜ਼ਮੀਨ ਦੀ ਸਿਹਤ ਚ ਵੀ ਸੁਧਾਰ ਹੁੰਦਾ ਹੈ।

ਖਾਦ ਪ੍ਰਬੰਧ

20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਦੇ ਨਾਲ 75 ਕਿੱਲੋ ਨਾਈਟ੍ਰੋਜਨ (165 ਕਿੱਲੋ ਯੂਰੀਆ), 25 ਕਿੱਲੋ ਫਾਸਫੋਰਸ (155 ਕਿੱਲੋ ਸੁਪਰਫਾਸਫੇਟ) ਤੇ 24 ਕਿੱਲੋ ਪੋਟਾਸ਼ ਤੱਤ (40 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਚ ਪਾਉਣੇ ਚਾਹੀਦੇ ਹਨ। ਖੇਤ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ ਤੇ 18 ਕਿੱਲੋ ਪ੍ਰਤੀ ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ।

ਸਾਰੀ ਫਾਸਫੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾਓ, ਬਾਕੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਵੇਲੇ ਪਾਓ। ਦੁਵੱਲੇ ਫਾਲਿਆਂ ਵਾਲਾ ਮਿੱਟੀ ਪਲਟਾਊ ਹਲ ਜਾਂ ਵੱਟਾਂ ਬਣਾਉਣ ਵਾਲੇ ਹਲ ਨਾਲ ਬਿਜਾਈ ਤੋਂ 25-30 ਦਿਨ ਬਾਅਦ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਬਿਜਾਈ ਤੋਂ ਤੁਰੰਤ ਬਾਅਦ ਖੇਤ ਚ 25 ਕੁਇੰਟਲ ਪਰਾਲੀ ਪ੍ਰਤੀ ਏਕੜ ਵਿਛਾਉਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਹੁੰਦੀ ਹੈ। ਨਦੀਨਨਾਸ਼ਕਾਂ ਦੀ ਵਰਤੋਂ ਨਾਲ ਵੀ ਇਨ੍ਹਾਂ ਦੀ ਰੋਕਥਾਮ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇਕ ਲਿਟਰ ਜਾਂ ਐਰੀਲੋਨ 75 ਤਾਕਤ (ਆਈਸੋਪ੍ਰੋਟਯੂਰਾਨ) 500 ਗ੍ਰਾਮ ਜਾਂ ਸੈਨਕੋਰ 70 ਤਾਕਤ (ਮੈਟਰੀਬਿਊਜ਼ਿਨ) 200 ਗ੍ਰਾਮ ਜਾਂ ਲਾਸੋ 50 ਤਾਕਤ (ਐਲਕਲੋਰ) 2 ਲੀਟਰ ਜਾਂ ਐਟਰਾਟਾਫ 50 ਤਾਕਤ (ਐਟਰਾਜ਼ੀਨ) 200 ਗ੍ਰਾਮ ਜਾਂ ਲਾਸੋ 50 ਤਾਕਤ (ਐਲਕਲੋਰ)

2 ਲੀਟਰ ਜਾਂ ਲਾਸੋ 50 ਤਾਕਤ (ਐਲਕਲੋਰ) ਇਕ ਲੀਟਰ+ਐਟਰਾਟਾਫ 50 ਤਾਕਤ (ਐਟਰਾਜ਼ੀਨ) 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ ਤੋਂ ਪਹਿਲਾਂ ਅਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ। ਜਦੋਂ ਆਲੂਆਂ ਦਾ ਜੰਮ 5-10 ਫ਼ੀਸਦੀ ਹੋ ਜਾਵੇ ਤਾਂ ਗਰੈਮੈਕਸੋਨ 24 ਤਾਕਤ (ਪੈਰਾਕੂਐਟ) 500-750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਿੰਜਾਈ

ਪਹਿਲਾਂ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਗਾ ਦੇਵੋ। ਜੇ ਹਲਕੀ ਸਿੰਜਾਈ ਵਾਰ-ਵਾਰ ਕੀਤੀ ਜਾਵੇ ਤਾਂ ਆਲੂਆਂ ਦੀ ਫ਼ਸਲ ਵਧੀਆ ਹੁੰਦੀ ਹੈ। ਸਿੰਚਾਈ ਸਮੇਂ ਖ਼ਿਆਲ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਵਗੇ ਕਿਉਂਕਿ ਇਸ ਨਾਲ ਵੱਟਾਂ ਦੀ ਮਿੱਟੀ ਸਖ਼ਤ ਹੋ ਜਾਂਦੀ ਹੈ ਤੇ ਆਲੂਆਂ ਦੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ। ਫ਼ਸਲ ਲਈ ਕੁੱਲ 7-8 ਸਿੰਜਾਈਆਂ ਕਾਫ਼ੀ ਹਨ। ਹਲਕੀਆਂ ਤੇ ਰੇਤਲੀਆਂ ਜ਼ਮੀਨਾਂ ਵਿਚ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਨੂੰ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਸਿੰਜਾਈ ਦੇ ਨਾਲ-ਨਾਲ 25 ਕੁਇੰਟਲ ਪ੍ਰਤੀ ਏਕੜ ਪਰਾਲੀ ਵਿਛਾਉਣ ਨਾਲ ਦੋ ਪਾਣੀਆਂ ਦੀ ਬੱਚਤ ਹੁੰਦੀ ਹੈ, ਵਧੇਰੇ ਝਾੜ ਵੀ ਮਿਲਦਾ ਹੈ ਤੇ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।

ਪੁਟਾਈ

ਆਲੂਆਂ ਦੀ ਪੁਟਾਈ ਟ੍ਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਕਰੋ। ਪੁਟਾਈ ਸਮੇਂ ਜ਼ਮੀਨ ਚ ਠੀਕ ਵੱਤਰ ਹੋਵੇ। ਆਲੂਆਂ ਨੂੰ ਪੁੱਟਣ ਤੋਂ ਬਾਅਦ 10-15 ਦਿਨ ਖੇਤ ਚ ਪਏ ਰਹਿਣ ਦਿਓ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਦਰਜ਼ਾਬੰਦੀ ਕਰ ਕੇ ਹੀ ਮਾਰਕੀਟ ਚ ਵਿਕਰੀ ਲਈ ਭੇਜੋ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ