ਅੰਮ੍ਰਿਤਸਰ ਤੱਕ ਪਹੁੰਚ ਮੌਨਸੂਨ ਨੂੰ ਲੱਗੀ ਬ੍ਰੇਕ, ਹੁਣ ਬਾਰਸ਼ ਲਈ ਕਰਨੀ ਪਏਗੀ ਉਡੀਕ

June 17 2021

ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਚ ਮਾਨਸੂਨ ਦੀ ਬਾਰਸ਼ ਲਈ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਬੰਗਾਲ ਦੀ ਖਾੜੀ ਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਮੌਨਸੂਨ ਐਕਸਪ੍ਰੈੱਸ ਨੇ ਜਿਹੜੀ ਰਫ਼ਤਾਰ ਫੜੀ ਸੀ, ਉਹ ਉੱਤਰ-ਪੱਛਮੀ ਝਾਰਖੰਡ ਤੇ ਆਸਪਾਸ ਦੇ ਖੇਤਰਾਂ ਚ ਪਹੁੰਚ ਕੇ ਹੌਲੀ ਹੋ ਗਈ ਹੈ। ਹਾਲਾਂਕਿ ਬਰੇਲੀ, ਸਹਾਰਨਪੁਰ, ਅੰਬਾਲਾ ਤੇ ਅੰਮ੍ਰਿਤਸਰ ਨੂੰ ਵੀ ਮਾਨਸੂਨ ਨੇ ਕੁਝ ਹੱਦ ਤਕ ਛੋਹ ਲਿਆ ਹੈ, ਪਰ ਦਿੱਲੀ-ਐਨਸੀਆਰ ਤੇ ਪੂਰੇ ਹਰਿਆਣਾ-ਪੰਜਾਬ ਨੂੰ ਮੌਨਸੂਨ ਦੀ ਬਾਰਸ਼ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਅਨੁਕੂਲ ਹਾਲਤਾਂ ਦੇ ਕਾਰਨ ਅੱਗੇ ਵੱਧਦੇ ਹੋਏ ਸੋਮਵਾਰ ਨੂੰ ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਸੀਮਾ 20.5 ਡਿਗਰੀ ਉੱਤਰ ਤੇ 60 ਡਿਗਰੀ ਪੂਰਬ ਚ ਦੀਵ, ਸੂਰਤ, ਭੋਪਾਲ, ਹਮੀਰਪੁਰ, ਬਾਰਾਬੰਕੀ, ਅੰਬਾਲਾ, ਅੰਮ੍ਰਿਤਸਰ ਤੋਂ ਹੋ ਕੇ ਗੁਜਰੀ। ਇਸ ਦੌਰਾਨ ਮਾਨਸੂਨ ਦੀ ਟਰਫ਼ ਰੇਖਾ ਪੱਛਮੀ ਰਾਜਸਥਾਨ ਤੋਂ ਉੱਤਰ-ਪੂਰਬੀ ਬੰਗਾਲ ਤਕ ਬਣੀ ਹੋਈ ਸੀ। ਇਸ ਨਾਲ ਇਨ੍ਹਾਂ ਸਾਰੀਆਂ ਥਾਵਾਂ ਤੇ ਵੀ ਮੀਂਹ ਪਿਆ। ਇਸ ਲਈ ਇਹ ਭੰਬਲਭੂਸਾ ਪੈਦਾ ਹੋ ਗਿਆ ਕਿ ਮਾਨਸੂਨ ਨੇ ਪੰਜਾਬ ਤੇ ਹਰਿਆਣਾ ਚ ਵੀ ਦਸਤਕ ਦਿੱਤੀ ਹੈ, ਪਰ ਭਾਰਤੀ ਮੌਸਮ ਵਿਭਾਗ ਨੇ ਇਸ ਨੂੰ ਸਹੀ ਨਹੀਂ ਦੱਸਿਆ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਤਕ ਇਨ੍ਹਾਂ ਦੋਵਾਂ ਸੂਬਿਆਂ ਦੇ ਸਿਰਫ਼ ਕੁਝ ਉੱਤਰੀ ਹਿੱਸਿਆਂ ਨੂੰ ਮਾਨਸੂਨ ਨੇ ਛੂਹਿਆ ਹੈ। ਮਾਨਸੂਨ ਇੱਥੇ ਪੂਰਨ ਰੂਪ ਨਾਲ ਨਹੀਂ ਪਹੁੰਚਿਆ ਹੈ। ਸਕਾਈਮੇਟ ਮੌਸਮ ਅਨੁਸਾਰ ਮਾਨਸੂਨ ਦੀ ਸ਼ੁਰੂਆਤ ਸਿਰਫ਼ ਉਦੋਂ ਹੀ ਸੁਨਿਸ਼ਚਿਤ ਹੁੰਦੀ ਹੈ ਜਦੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਨਮੀ ਵੱਧ ਗਈ ਹੈ ਤੇ ਲਗਾਤਾਰ ਕਈ ਦਿਨਾਂ ਤਕ ਬਾਰਸ਼ ਹੁੰਦੀ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ, ਪਰ ਇਹ ਬਹੁਤ ਡੂੰਘੀਆਂ ਨਹੀਂ ਹਨ। 10 ਹਜ਼ਾਰ ਫੁੱਟ ਦੀ ਉਚਾਈ ਤੇ ਪੂਰਬ ਦੀ ਬਜਾਏ ਪੱਛਮੀ ਹਵਾਵਾਂ ਚੱਲ ਰਹੀਆਂ ਹਨ।

ਇਸ ਕਾਰਨ ਸਿਸਟਮ ਮਜ਼ਬੂਤ ਨਹੀਂ ਹੋ ਪਾ ਰਿਹਾ ਹੈ। ਇਸ ਲਈ ਅਗਲੇ ਕਈ ਦਿਨਾਂ ਲਈ ਮਾਨਸੂਨ ਦੇ ਆਉਣ ਦੀ ਸੰਭਾਵਨਾ ਲਗਪਗ ਨਾ ਦੇ ਬਰਾਬਰ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਪੱਛਮੀ ਹਵਾਵਾਂ ਕਾਰਨ ਉੱਤਰ-ਪੱਛਮੀ ਭਾਰਤ ਦੇ ਬਾਕੀ ਹਿੱਸਿਆਂ ਚ ਮਾਨਸੂਨ ਦੀ ਰਫ਼ਤਾਰ ਘੱਟ ਹੋਣ ਦੀ ਸੰਭਾਵਨਾ ਹੈ।

ਡਾ. ਐਮ. ਮਹਾਪਤਰਾ (ਡਾਇਰੈਕਟਰ ਜਨਰਲ, ਭਾਰਤੀ ਮੌਸਮ ਵਿਭਾਗ) ਅਨੁਸਾਰ ਸੋਮਵਾਰ ਨੂੰ ਮਾਨਸੂਨ ਨੇ ਉੱਤਰੀ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਚ ਦਸਤਕ ਦਿੱਤੀ ਹੈ, ਪਰ ਮਾਨਸੂਨ ਪੂਰੇ ਹਰਿਆਣਾ ਤੇ ਪੰਜਾਬ ਚ ਨਹੀਂ ਪਹੁੰਚਿਆ ਹੈ। ਅਗਲੇ ਪੰਜ-ਛੇ ਦਿਨਾਂ ਚ ਇਸ ਦੇ ਦਿੱਲੀ-ਐਨਸੀਆਰ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ। ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਹੋ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live