ਅੰਦੋਲਨ ਦੇ ਬਾਵਜੂਦ ਪੰਜਾਬੀਆਂ ਨੇ ਭਰੇ ਕੇਂਦਰ ਦੇ ਆਨਾਜ ਭੰਡਾਰ

November 04 2020

ਇੱਕ ਪਾਸੇ ਪੰਜਾਬ ‘ਚ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਜ਼ੋਰਾਂ ‘ਤੇ ਹੈ ਜਿਸ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਵੱਲੋਂ 5 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਨਾਲ ਹੀ ਖਬਰ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਰਿਕਾਰਡ ਪੈਦਾਵਾਰ ਨਾਲ ਕੇਂਦਰ ਸਰਕਾਰ ਦੇ ਭੰਡਾਰ ਭਰ ਦਿੱਤੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਝੋਨੇ ਦੀ ਖਰੀਦ ਪਿਛਲੇ ਸਾਲ (2019-20) ਦੇ ਮੁਕਾਬਲੇ ਇਸ ਵਾਰ 21.16 ਪ੍ਰਤੀਸ਼ਤ ਵਧ ਕੇ 204.59 ਲੱਖ ਟਨ ਹੋ ਗਈ ਹੈ। ਇਸ ‘ਚ ਬਹੁਤੇ ਝੋਨੇ ਦੀ ਖਰੀਦ ਇਕੱਲੇ ਪੰਜਾਬ ਤੋਂ ਕੀਤੀ ਗਈ ਹੈ।

ਕੇਂਦਰੀ ਮੰਤਰਾਲੇ ਮੁਤਾਬਕ ਪੰਜਾਬ, ਹਰਿਆਣਾ, ਯੂਪੀ, ਤਾਮਿਲਨਾਡੂ, ਉੱਤਰਾਖੰਡ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਕੇਰਲ ਵਰਗੇ ਸੂਬਿਆਂ ਵਿੱਚ ਸਾਲ 2020-21 ਦੀ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। 31 ਅਕਤੂਬਰ ਤੱਕ ਤਕਰੀਬਨ 204.59 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ, ਜੋ ਪਿਛਲੇ ਸਾਲ 168.87 ਲੱਖ ਟਨ ਦੀ ਖਰੀਦ ਨਾਲੋਂ 21.16 ਪ੍ਰਤੀਸ਼ਤ ਵੱਧ ਹੈ। ਇਕੱਲੇ ਪੰਜਾਬ ਨੇ ਹੁਣ ਤੱਕ ਖਰੀਦੇ 204.59 ਲੱਖ ਟਨ ਝੋਨੇ ਦੀ ਖਰੀਦ ਵਿੱਚ 142.81 ਲੱਖ ਟਨ ਦਾ ਯੋਗਦਾਨ ਪਾਇਆ ਜੋ ਕੁੱਲ ਖਰੀਦ ਦਾ 69.80 ਪ੍ਰਤੀਸ਼ਤ ਹੈ।

ਕੇਂਦਰੀ ਖੁਰਾਕ ਮੰਤਰਾਲੇ ਮੁਤਾਬਕ ਇਸ ਵਾਰ 38,627.46 ਕਰੋੜ ਰੁਪਏ ਐਮਐਸਪੀ ਮੁੱਲ ‘ਤੇ 17.23 ਲੱਖ ਕਿਸਾਨਾਂ ਕੋਲੋਂ ਝੋਨੇ ਦੀ ਖਰੀਦੀ ਗਈ। ਮੌਜੂਦਾ ਸਾਲ ਲਈ ਕੇਂਦਰ ਨੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਆਮ ਗ੍ਰੇਡ) 1,868 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ, ਜਦੋਂਕਿ ਏ-ਗਰੇਡ ਕਿਸਮ ਦਾ ਐਮਐਸਪੀ 1,888 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ।

ਇਸੇ ਤਰ੍ਹਾਂ ਕਪਾਹ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ 31 ਅਕਤੂਬਰ 2020 ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਤੋਂ 1,20,437 ਕਿਸਾਨਾਂ ਤੋਂ 1845 ਕਰੋੜ ਰੁਪਏ ਦੇ ਐਮਐਸਪੀ ਮੁੱਲ ਤੇ ਕਪਾਹ ਦੀਆਂ 6,33,719 ਗੱਠਾਂ ਦੀ ਖਰੀਦ ਕੀਤੀ। 31 ਅਕਤੂਬਰ 2020 ਤੱਕ ਸਰਕਾਰ ਨੇ 6,102 ਕਿਸਾਨਾਂ ਕੋਲੋਂ 57.78 ਕਰੋੜ ਰੁਪਏ ਦੀ ਐਮਐਸਪੀ ‘ਤੇ 10,293.61 ਮੀਟ੍ਰਿਕ ਟਨ ਮੂੰਗੀ, ਉੜਦ, ਮੂੰਗਫਲੀ ਤੇ ਸੋਇਆਬੀਨ ਦੀ ਖਰੀਦ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live