ਅਗਲੇ ਸਾਲ ਲਾਗੂ ਹੋਣਗੀਆਂ ਪਾਣੀ ਦੀਆਂ ਵਧੀਆਂ ਦਰਾਂ

May 25 2021

ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਹਿਰ ਵਿੱਚ ਪਾਣੀ ਦੇ ਬਿਲਾਂ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਫ਼ਿਲਹਾਲ ਲਾਗੂ ਨਾ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਕ ਦੇ ਫੈਸਲੇ ਅਨੁਸਾਰ ਨਗਰ ਨਿਗਮ ਵਲੋਂ ਪਾਣੀ ਦੇ ਬਿਲਾਂ ਦੀਆਂ ਵਧਾਈਆਂ ਹੋਈਆਂ ਦਰਾਂ ਹੁਣ ਅਗਲੇ ਸਾਲ 31 ਮਾਰਚ 2022 ਤੱਕ ਲਾਗੂ ਨਹੀਂ ਹੋਣਗੀਆਂ। ਨਿਗਮ ਵਲੋਂ ਪਾਣੀ ਦੇ ਬਿਲਾਂ ਦੀਆਂ ਦਰਾਂ ਵਿੱਚ ਪਿਛਲੇ ਸਾਲ ਦੋ ਤੋਂ ਤਿੰਨ ਗੁਣਾ ਵਾਧਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਨਿਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਨਵੀਆਂ ਦਰਾਂ ਅਨੁਸਾਰ ਖਪਤਕਾਰਾਂ ਨੂੰ ਪਾਣੀ ਦੇ ਬਿਲ ਵੀ ਜਾਰੀ ਹੋ ਚੁੱਕੇ ਸਨ। ਕਈ ਗੁਣਾ ਪਾਣੀ ਦੇ ਬਿੱਲ ਆਉਣ ’ਤੇ ਸ਼ਹਿਰ ਵਾਸੀ ਪ੍ਰਸ਼ਾਸਨ ਅਤੇ ਨਗਰ ਨਿਗਮ ਦਾ ਵਿਰੋਧ ਕਰ ਰਹੇ ਸਨ। ਪਾਣੀ ਦੇ ਬਿਲਾਂ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਸ਼ਹਿਰ ਦੀਆਂ ਤਮਾਮ ਸਿਆਸੀ ਪਾਰਟੀਆਂ ਸਮੇਤ ਸ਼ਹਿਰ ਵਾਸੀਆਂ ਦਾ ਪ੍ਰਸ਼ਾਸਨ ‘ਤੇ ਦਬਾਅ ਸੀ ਅਤੇ ਪ੍ਰਸ਼ਾਸਨ ਤੋਂ ਪਾਣੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: punjabitribuneonline