ਜ਼ਹਿਰ-ਮੁਕਤ ਖੇਤੀ ਕਰ ਰਿਹਾ ਹੈ ਕਿਸਾਨ ਤਰਜਿੰਦਰ ਸਿੰਘ

October 23 2019

ਫਸਲ ਵਿਚਲੇ ਨਦੀਨ ਅਤੇ ਕੀੜੇ ਆਦਿ ਮਾਰਨ ਲਈ ਅੱਜ ਜਦੋਂ ਖੇਤਾਂ ਵਿੱਚ ਰਸਾਇਣਿਕ ਜ਼ਹਿਰਾਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ ਉਥੇ ਪੰਜਾਬ ਦੇ ਕੁਝ ਕਿਸਾਨ ਅਜਿਹੇ ਵੀ ਹਨ ਜੋ ਇਨ੍ਹਾਂ ਮਾਰੂ ਜ਼ਹਿਰਾਂ ਦੀ ਵਰਤੋਂ ਤੋਂ ਬਿਨਾਂ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਦੇ ਹਨ ਤਾਂ ਜੋ ਲੋਕਾਂ ਨੂੰ ਜ਼ਹਿਰ ਮੁਕਤ ਖੁਰਾਕੀ ਵਸਤਾਂ ਮੁਹੱਈਆ ਕਰਵਾਈਆਂ ਜਾ ਸਕਣ। ਅਜਿਹਾ ਹੀ ਉਪਰਾਲਾ ਕਰ ਰਿਹਾ ਹੈ ਖਰੜ ਬਲਾਕ ਦੇ ਪਿੰਡ ਸੈਦਪੁਰ ਦਾ ਕਿਸਾਨ ਤਰਜਿੰਦਰ ਸਿੰਘ। ਉਹ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਤੋਂ ਐਸਡੀਓ ਵਜੋਂ ਸੇਵਾਮੁਕਤ ਹੋਇਆ ਹੈ ਤੇ ਆਪਣੀ 6 ਏਕੜ ਜ਼ਮੀਨ ਵਿੱਚ ਕਣਕ ਦੀ ਆਰਗੈਨਿਕ ਖੇਤੀ ਕਰ ਕੇ ਜਿਥੇ ਜ਼ਹਿਰ ਮੁਕਤ ਅੰਨ ਦੀ ਪੈਦਾਵਾਰ ਕਰ ਰਿਹਾ ਹੈ ਉਥੇ ਸਧਾਰਣ ਕਣਕ ਦੀ ਖੇਤੀ ਨਾਲੋਂ ਦੁੱਗਣੀ ਕਮਾਈ ਵੀ ਕਰ ਰਿਹਾ ਹੈ। ਕਿਸਾਨ ਤਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਣਕ ਦੀ ਜੈਵਿਕ ਖੇਤੀ ਕਰਨ ਦੇ ਨਾਲ-ਨਾਲ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰਦਾ ਹੈ। ਉਸ ਵੱਲੋਂ ਤੁਪਕਾ ਸਿੰਚਾਈ (ਡਰਿੱਪ ਇਰੀਗੇਸ਼ਨ) ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਕੁਦਰਤ ਦੇ ਅਨਮੋਲ ਸੋਮੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇਤੀ ਲਈ ਹੱਥ ਨਾਲ ਚੱਲਣ ਵਾਲੇ ਛੋਟੇ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤੋਂ ਉਹ ਰੋਟਾਵੇਟਰ ਦਾ ਕੰਮ ਲੈਂਦੇ ਹਨ ਅਤੇ ਗੁਡਾਈ ਕਰਦੇ ਹਨ। ਇਥੇ ਹੀ ਬੱਸ ਨਹੀਂ ਕਿਸਾਨ ਤਰਜਿੰਦਰ ਸਿੰਘ ਜਿਥੇ ਖੁਦ ਪਰਾਲੀ ਨਾ ਸਾੜ ਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਯੋਗਦਾਨ ਪਾ ਰਿਹਾ ਹੈ ਉਥੇ ਨੌਜਵਾਨਾਂ ਅਤੇ ਯੂਥ ਕਲੱਬਾਂ ਨੂੰ ਨਾਲ ਲੈ ਕੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਫੂਕਣ ਕਾਰਨ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਇਨ ਸੀਟੂ ਕਰੋਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਹੀ ਖਪਾਉਣ ਲਈ ਸਬਸਿਡੀ ’ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਅਧੀਨ ਕਿਸਾਨ ਗਰੁੱਪਾਂ ਨੂੰ 80 ਫੀਸਦੀ ਅਤੇ ਇਕੱਲੇ ਕਿਸਾਨ ਵੱਲੋਂ ਖਰੀਦੀ ਗਈ ਮਸ਼ੀਨਰੀ ਉਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ