ਖ਼ੁਰਾਕੀ ਤੱਤਾਂ ਦੇ ਨਕਸ਼ੇ ਦੱਸਣਗੇ, ਕਿੱਥੇ ਕਿਹੜੀ ਫ਼ਸਲ ਹੋਵੇਗੀ ਕਾਮਯਾਬ

June 20 2019

ਖੇਤੀਬਾੜੀ ਵਿਭਾਗ ਫਾਜ਼ਿਲਕਾ ਨੇ ਖੇਤੀਯੋਗ ਜ਼ਮੀਨਾਂ ਦੇ ਨਕਸ਼ੇ ਤਿਆਰ ਕੀਤੇ ਹਨ, ਜਿਨ੍ਹਾਂ ਤੋਂ ਪਤਾ ਲੱਗ ਸਕੇਗਾ ਕਿ ਜ਼ਮੀਨ ਨੂੰ ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ਤੇ ਕਿਹੜੇ ਪਿੰਡ ਦੀ ਜ਼ਮੀਨ ਵਿਚ ਕਿਹੜੀ ਫ਼ਸਲ ਕਾਮਯਾਬ ਹੋ ਸਕੇਗੀ। ਰਸਾਇਣਕ ਖਾਦਾਂ ਦੀ ਸੰਜਮ ਨਾਲ ਵਰਤੋਂ ਯਕੀਨੀ ਬਣਾਉਣ ਤੇ ਫ਼ਸਲ ਪੈਦਾਵਾਰ ਤੇ ਮਿੱਟੀ ਦੀ ਪੌਸ਼ਟਿਕਤਾ ਵਿਚ ਸੁਧਾਰ ਕਰਨ ਦੇ ਮਨਸ਼ੇ ਨਾਲ ਤਿਆਰ ਕੀਤੇ ਗਏ ਹਨ।

ਇਨ੍ਹਾਂ ਨਕਸ਼ਿਆਂ ਬਾਰੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਹ ਪਹਿਲ ਕੀਤੀ ਗਈ ਹੈ। ਕਿਸਾਨ ਇਨ੍ਹਾਂ ਨਕਸ਼ਿਆਂ ਦੀ ਮਦਦ ਨਾਲ ਜ਼ਮੀਨ ਵਿਚਲੇ ਅੱਠ ਖ਼ੁਰਾਕੀ ਤੱਤਾਂ ਦੀ ਸਥਿਤੀ ਦਾ ਪਤਾ ਲਾ ਕੇ ਉਸ ਮੁਤਾਬਕ ਜ਼ਮੀਨ ਨੂੰ ਲੋੜੀਂਦੇ ਖ਼ੁਰਾਕੀ ਤੱਤ ਵਰਤੋਂ ਵਿਚ ਲਿਆ ਸਕਣਗੇ। ਨਕਸ਼ੇ ਬਲਾਕਾਂ ਮੁਤਾਬਕ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਖੇਤੀਬਾੜੀ ਅਧਿਕਾਰੀ ਪਿੰਡਾਂ ਵਿਚ ਲਗਾ ਰਹੇ ਹਨ।

ਇਸੇ ਦੌਰਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਭੂਮੀ ਸਿਹਤ ਕਾਰਡ ਸਕੀਮ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਦੇ ਭੂਮੀ ਸਿਹਤ ਕਾਰਡ ਤਿਆਰ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਮਿੱਟੀ ਦੇ 58, 357 ਨਮੂਨੇ ਲਏ ਗਏ ਹਨ ਤੇ ਖ਼ੁਰਾਕੀ ਤੱਤਾਂ ਦੀ ਉਪਲਬਧਤਾ ਦਾ ਡਾਟਾ ਤਿਆਰ ਕੀਤਾ ਗਿਆ ਹੈ। ਇਸ ਦੀ ਵਰਤੋਂ ਜੀਪੀਐੱਸ (ਗਲੋਬਲ ਪੁਜ਼ੀਸ਼ਨਿੰਗ ਸਿਸਟਮ) ਨਾਲ ਕਰ ਕੇ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਜ਼ਮੀਨਾਂ ਦੇ ਖ਼ੁਰਾਕੀ ਤੱਤਾਂ ਦੇ ਬਲਾਕ ਪੱਧਰ ਤੇ ਨਕਸ਼ੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਅਨੁਸਾਰ ਜ਼ਮੀਨਾਂ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕਰਨ ਤੋਂ ਬਾਅਦ ਜ਼ਿਲ੍ਹੇ ਦੇ 314 ਪਿੰਡਾਂ ਵਿਚ ਇਹ ਨਕਸ਼ੇ ਲਾਏ ਜਾ ਰਹੇ ਹਨ।

ਡਾ. ਮਨਜੀਤ ਸਿੰਘ ਮੁਤਾਬਕ ਇਨ੍ਹਾਂ ਨਕਸ਼ਿਆਂ ਵਿਚ ਵੱਖ-ਵੱਖ ਰੋਗਾਂ ਰਾਹੀਂ ਜ਼ਮੀਨ ਦੇ 8 ਖ਼ੁਰਾਕੀ ਤੱਤਾਂ ਜਿਵੇਂ ਜੈਵਿਕ ਕਾਰਬਨ, ਫ਼ਾਸਫ਼ੋਰਸ, ਪੋਟਾਸ਼, ਸਲਫ਼ਰ, ਭੌਂ ਪੀਐੱਚ, ਜ਼ਿੰਕ, ਲੋਹਾ ਤੇ ਮੈਗਨੀਜ਼ ਦੀ ਉਪਲਬਧ ਮਾਤਰਾ ਦਰਸਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਾਲ ਰੰਗ ਤੱਤ ਦੀ ਘਾਟ ਤੇ ਹਰਾ ਰੰਗ ਤੱਤ ਦੀ ਜ਼ਮੀਨ ਵਿਚ ਬਹੁਤਾਤ ਨੂੰ ਦਰਸਾਉਂਦਾ ਹੈ ਜਦਕਿ ਪੀਲਾ ਰੰਗ ਜ਼ਮੀਨ ਦਾ ਖ਼ੁਰਾਕੀ ਪੱਧਰ ਆਮ ਵਾਂਗ ਹੋਣ ਦਾ ਪ੍ਰਤੀਕ ਹੈ।

ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਾਏ ਨਕਸ਼ੇ

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹਰੇਕ ਬਲਾਕ ਲਈ ਜ਼ਮੀਨ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕਰ ਕੇ ਪਿੰਡਾਂ ਵਿਚ ਸਾਂਝੀਆਂ ਥਾਵਾਂ ਜਿਵੇਂ ਸਹਿਕਾਰੀ ਸਭਾਵਾਂ, ਪੰਚਾਇਤ ਘਰਾਂ ਤੇ ਗੁਰਦੁਆਰੇ ਦੇ ਨਜ਼ਦੀਕ ਲਗਾਏ ਜਾ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ